ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਅਸਾਂ ਤਾਂ ਬਲਦੇ ਰਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ।
ਚਿਰਾਗਾਂ ਦਾ ਇਹ ਕਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ।

ਅਸਾਂ ਹਰ ਅੱਖ ਦੇ ਸੁਪਨੇ ਦੇ ਵਿਚ ਕੁਝ ਰੰਗ ਨੇ ਭਰਨੇ,
ਤੇ ਰੰਗਾਂ ਜਗਦੇ ਰਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ।

ਅਸੀਂ ਤਾਂ ਸਾਬਰਾਂ ਦੀ ਅੰਸ ਬੰਸੋਂ ਹਾਂ ਉਦੈ ਹੋਏ,
ਜਬਰ ਕਰਨਾ ਨਾ ਸਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ।

ਅਸੀਂ ਚੇਤਨ ਜਵਾਲਾ ਸੰਗ ਰਾਖੇ ਬਣ ਖਲੋਣਾ ਹੈ,
ਤੇ ਭਰਮਾਂ ਨਾਲ ਖਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ।

ਇਹ ਪਾਸਾ ਵੱਟ ਲੈਣਾ ਵੀ ਵਕਾਲਤ ਹੈ ਹਨ੍ਹੇਰੇ ਦੀ,
ਫ਼ਰਜ਼ ਦੇ ਨਾਲ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।

ਇਹ ਗ਼ਦਰੀ ਸੂਰਮੇ ਬਾਬੇ, ਸੁਣੋ ਅੱਜ ਵੀ ਨੇ ਕੀ ਕਹਿੰਦੇ,
ਤੁਸੀਂ ਚੇਤੰਨ ਰਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ।

ਕਦੇ ਵੀ ਸੀਸ ਵਾਲੀ ਫ਼ੀਸ ਦੇਣੋ ਕਿਰਸ ਨਾ ਕਰਿਉ,
ਸ਼ਹੀਦਾਂ ਦਾ ਇਹ ਕਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ।

ਬੜੇ ਹਮਦਰਦ ਏ ਥੇ ਦੁਸ਼ਮਣੀ ਦੀ ਖੇਡ ਖੇਡਣਗੇ,
ਇਨ੍ਹਾਂ ਤੋਂ ਬਚਕੇ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।

ਕਦੇ ਵੀ ਹੱਕ ਤੇ ਇਨਸਾਫ਼ ਨੂੰ ਕੋਈ ਮੇਟ ਨਾ ਸਕਿਆ,
ਸੰਭਾਲੋ! ਸੱਚ ਗਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ।

ਮੋਰ ਪੰਖ /111