ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੁਖ ਦੀ ਛਾਂ ਨੇ ਵੇਖ ਕਮੀਨਾ ਕਿੰਨਾ ਸਾਨੂੰ ਕਰ ਛੱਡਿਆ ਏ,
ਫਿਰਨ ਗੁਆਚੇ ਪੱਗ ਤੇ ਚੁੰਨੀ, ਹੁਣ ਸਾਡੇ ਕਿਰਦਾਰ ਦੇ ਅੰਦਰ।

ਪਿੰਡ ਇਕੱਲਾ ਹੀ ਨਾ ਬਸਤੀ, ਬਹੁਤ ਉਚੇਰੀ ਇਸ ਦੀ ਹਸਤੀ,
ਲੱਭੋ ਇਸ ਦੇ ਅਰਥ ਗੁਆਚੇ, ਅਪਣੇ ਸਭਿਆਚਾਰ ਦੇ ਅੰਦਰ।

ਸ਼ਗਨਾਂ ਦੀ ਫੁਲਕਾਰੀ ਗਾਨੇ, ਚੁੰਨੀਆਂ ਲਾਲ ਪਰਾਂਦੇ ਰੰਗਲੇ,
ਸਿਹਰੇ, ਸਿੱਖਿਆ, ਸਾਹੇ-ਚਿੱਠੀ, ਵਿਕਦੈ ਸਭ ਬਾਜ਼ਾਰ ਦੇ ਅੰਦਰ।

ਰੱਤ ਡੁੱਲ੍ਹੀ ਤੇ ਅੱਥਰੂ ਸਾਰੇ ਸਫ਼ਿਆਂ ਤੇ ਮਹਿਸੂਸ ਕਰੋਗੇ,
ਨਾਲ ਤੁਰੋਗੇ ਜੇਕਰ ਉਸਦੇ, ਜੋ ਛਪਿਐ ਅਖ਼ਬਾਰ ਦੇ ਅੰਦਰ।

ਖੜ੍ਹਾ ਖਲੋਤਾ, ਬੈਠਾ ਬੰਦਾ, ਕੋਸ ਮੀਨਾਰ ਤੋਂ ਵਧ ਕੇ ਕੁਝ ਨਾਂਹ,
ਮੰਜ਼ਿਲ ਦਾ ਸਿਰਨਾਵਾਂ ਹੁੰਦੈ, ਕਦਮਾਂ ਦੀ ਰਫ਼ਤਾਰ ਦੇ ਅੰਦਰ।

ਰਿਸ਼ਤਾ ਬੋਝ ਬੁਝਾਰਤ ਬਣਦੈ, ਸ਼ੱਕ ਹਮੇਸ਼ਾਂ ਤਾਂਡਵ ਕਰਦੈ,
ਸਾਂਝੀ ਤੰਦ ਮੁਹੱਬਤ ਵਾਲੀ, ਜੇ ਤਿੜਕੇ ਪਰਿਵਾਰ ਦੇ ਅੰਦਰ।

ਅਪਣੀ ਹਾਰ ਪਛਾਨਣ ਦੀ ਥਾਂ, ਦੋਸ਼ ਬੇਗਾਨੇ ਦੇ ਸਿਰ ਧਰੀਏ,
ਬਹੁਤੀ ਵਾਰੀ ਖੁਭ ਜਾਂਦੇ ਹਾਂ, ਖ਼ੁਦ ਆਪਾਂ ਹੰਕਾਰ ਦੇ ਅੰਦਰ।

ਮੋਰ ਪੰਖ /110