ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਤੇਰੇ ਨੈਣ ਗੁਆਚੇ ਫਿਰਦੇ ਨੇ, ਇਹ ਨਜ਼ਰਾਂ ਕਿਸ ਨੂੰ ਟੋਲਦੀਆਂ।
ਕਈ ਦਿਨ ਦਾ ਇਹ ਮਹਿਸੂਸ ਕਰਾਂ, ਹੁਣ ਕਿਉਂ ਨਹੀਂ ਦੁਖ ਸੁਖ ਫੋਲਦੀਆਂ।

ਤੇਰੀ ਧੜਕਣ ਅੰਦਰ ਰਹਿੰਦਾ ਹਾਂ, ਮੂੰਹੋਂ ਨਾ ਨਿਕਲੇ ਹਰਫ਼ ਕੁਈ,
ਦਿਲ ਮੈਨੂੰ ਪੁੱਛਦਾ ਰਹਿੰਦਾ ਏ, ਹੁਣ ਕਿਉਂ ਨਹੀਂ ਮਹਿਕਾਂ ਬੋਲਦੀਆਂ।

ਰੱਖਿਆ ਸੀ ਦੀਵਾ ਮਮਟੀ ਤੇ, ਲੱਗਦਾ ਏ ਜਗਦਾ ਰਹਿਣਾ ਨਹੀਂ,
ਮੂੰਹ ਜ਼ੋਰ ਹਨੇਰੀ ਚੜ੍ਹ ਪਈ ਏ, ਐਵੇਂ ਨਹੀਂ ਲਾਟਾਂ ਡੋਲਦੀਆਂ।

ਇਹ ਤੂੰ ਹੀ ਦਿੱਤੀਆਂ ਦਾਤਾਂ ਨੇ, ਮੇਰੇ ਚਾਰ ਚੁਫ਼ੇਰੇ ਰਾਤਾਂ ਨੇ,
ਪ੍ਰਭਾਤਾਂ ਕਿਥੇ ਤੁਰ ਗਈਆਂ, ਜੋ ਸਾਹੀਂ ਸੰਦਲ ਘੋਲਦੀਆਂ।

ਸੁਰਤਾਲ ਗਵਾਚੇ ਫਿਰਦੇ ਨੇ, ਮਨ ਕਾਬੂ ਦੇ ਵਿਚ ਰਹਿੰਦਾ ਨਹੀਂ,
ਇਹ ਸ਼ੋਰ ਸਲੀਕਾ ਮੇਰਾ ਨਹੀਂ, ਆਵਾਜ਼ਾਂ ਸੱਖਣੇ ਢੋਲ ਦੀਆਂ।

ਤੇ ਬਿਰਖ ਪੁਰਾਣੇ ਛੱਡ ਦਿੱਤੇ, ਨਵਿਆਂ ਤੇ ਪੀਘਾਂ ਪਾ ਲਈਆਂ,
ਖੰਭਾਂ ਦੀਆਂ ਡਾਰਾਂ ਬਣਦੀਆਂ ਨਹੀਂ, ਐਵੇਂ ਨਹੀਂ ਕੰਧਾਂ ਬੋਲਦੀਆਂ।

ਤੂੰ ਮਾਣ ਮਰਤਬੇ ਹੁਸਨਾਂ ਦਾ, ਕੁਰਸੀ ਤੇ ਬਹਿ ਹੰਕਾਰ ਨਾ ਕਰ,
ਮੈਂ ਜਿੰਨੀਆਂ ਵਸਤਾਂ ਗਿਣੀਆਂ ਨੇ, ਸਭਨਾਂ ਦੀ ਮਿੱਟੀ ਰੋਲਦੀਆਂ।

ਤੂੰ ਕਿਹੜੀ ਗੱਲ ਤੋਂ ਡਰਦੀ ਏਂ, ਲੈਂਦੀ ਨਾ ਖੁੱਲ੍ਹ ਕੇ ਹਾਉਕਾ ਵੀ,
ਉਮਰਾਂ ਦਾ ਰੋਗ ਵਿਹਾਝਣ ਉਹ, ਜੋ ਦਿਲ-ਘੁੰਡੀ ਨਾ ਖੋਲ੍ਹਦੀਆਂ।

ਮੈਂ ਚੁੱਪ ਦੇ ਭੋਰੇ ਬੈਠ ਗਿਆਂ, ਚੰਗਾ ਨਹੀਂ ਬੋਲਣ ਬਹੁਤਾ ਹੁਣ,
ਤੂੰ ਜੋ ਕੁਝ ਦਿੱਤਾ ਸਾਂਭ ਰਿਹਾਂ, ਬੰਨ੍ਹ ਕੰਨੀਆਂ ਅਪਣੀ ਝੋਲ ਦੀਆਂ।

ਮੋਰ ਪੰਖ /117