ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਕੌਣ ਹੈ ਜੋ ਤੁਰ ਰਿਹਾ ਮੇਰੇ ਬਰਾਬਰ ਦੋਸਤੋ!
ਜਾਣਦੈ ਮੈਨੂੰ ਤਾਂ ਇਹ, ਮੇਰੇ ਤੋਂ ਬਿਹਤਰ ਦੋਸਤੋ।

ਜਿਸਦਿਆਂ ਨੈਣਾਂ ’ਚ ਡੁੱਬੇ, ਪਰਤਦੇ ਨਾ ਮੁੜ ਕਦੇ,
ਤਰ ਲਿਐ ਮੈਂ ਤਰ ਲਿਐ, ਉਹ ਵੀ ਸਮੰਦਰ ਦੋਸਤੋ।

ਜਿਸਮ ਦੀ ਗਰਮੀ ਨੂੰ ਤੂੰ, ਕਹਿੰਨੈਂ ਮੁਹੱਬਤ, ਆਖ ਲੈ,
ਪਹੁੰਚਦੇ ਨਾ ਤਨ ਕਦੇ ਵੀ, ਮਨ ਦੇ ਅੰਦਰ ਦੋਸਤੋ।

ਸੱਚ ਦਾ ਸੂਲੀ ਨਸੀਬਾ, ਅਜ਼ਲ ਤੋਂ ਮੈਂ ਜਾਣਦਾਂ,
ਮੈਂ ਭਲਾ ਦੱਸੋ ਕਦੋਂ ਸਾਂ, ਇਸ ਤੋਂ ਨਾਬਰ ਦੋਸਤੋ।

ਤੁਰਨ ਦਾ ਫੁਰਮਾਨ ਕਰਦੈਂ, ਤੇਜ਼ ਤਿੱਖੀ ਧਾਰ ’ਤੇ!
ਮੋਹ ਮੁਹੱਬਤ ਇੰਜ ਕਿਉਂ, ਬਣਦਾ ਏ ਜਾਬਰ ਦੋਸਤੋ।

ਚਾਹੁਣ ਵਾਲੇ ਤੁਰ ਗਏ ਤਾਂ ਰਹਿ ਗਿਆ ਪੱਲੇ ਖਲਾਅ,
ਜੂਨ ਵਾਂਗੂੰ ਤਪ ਰਿਹਾ ਸਿਰ 'ਤੇ ਦਸੰਬਰ ਦੋਸਤੋ।

ਫ਼ੋਨ ਦੀ ਘੰਟੀ ਸੁਣੇ ਨਾ, ਡਾਕੀਆ ਆਵੇ ਕਦੇ,
ਨਾ ਸੁਨੇਹਾ, ਨਾ ਹੀ ਦਸਤਕ, ਨਾ ਪੈਗੰਬਰ ਦੋਸਤੋ।

ਮੋਰ ਪੰਖ /120