ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਅੱਥਰੂ 'ਕੱਲੇ ਪਾਣੀ ਨਹੀਓਂ।
ਸੁਣ ਜੇ ਕਥਾ ਸੁਣਾਣੀ ਨਹੀਓਂ।

ਮੇਰੇ ਨਾਲ ਬਰਾਬਰ ਤੁਰਦਾ,
ਮੈਂ ਵੀ ਮੇਰਾ ਹਾਣੀ ਨਹੀਓਂ।

ਨਾਗਣ ਡੰਗ ਚਲਾਊ, ਵੇਖੀਂ,
ਇਹ ਕੁਈ ਬੀਬੀ ਰਾਣੀ ਨਹੀਓਂ।

ਬੇਗੁਰਿਆਂ ਦੇ ਵਿਹੜੇ ਅੰਦਰ,
ਮੇਰੀ ਆਉਣੀ ਜਾਣੀ ਨਹੀਓਂ।

ਸਿਲ ਪੱਥਰ ਦੀ ਜੂਨ ਪਵੇਂਗਾ,
ਜੇ ਅੱਖੀਆਂ ਵਿਚ ਪਾਣੀ ਨਹੀਓਂ।

ਅੱਗ ਦਾ ਦਰਿਆ ਹੈ ਜ਼ਿੰਦਗਾਨੀ,
ਇਹ ਕੋਈ ਰਾਮ ਕਹਾਣੀ ਨਹੀਓਂ।

ਫੁੱਲ, ਖ਼ੁਸ਼ਬੋਈ, ਗ਼ਜ਼ਲਾਂ ਦੇ ਸੰਗ,
ਮੇਰੀ ਸਾਂਝ ਪੁਰਾਣੀ ਨਹੀਓਂ।

ਅੰਬਰਸਰ ਤੋਂ ਧੁਰ ਅਮਰੀਕਾ,
ਕਿਹੜੀ ਤੱਕੜੀ ਕਾਣੀ ਨਹੀਓਂ।

ਤੂੰ ਜਿੰਨਾ ਘਬਰਾਇਆ ਫਿਰਦੈਂ,
ਏਨੀ ਉਲਝੀ ਤਾਣੀ ਨਹੀਓਂ।

ਮੋਰ ਪੰਖ /119