ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰੋਲ ਪੰਜਾਬੀ ਗ਼ਜ਼ਲ ਦੀ ਸਿਰਜਣਾ

ਗ਼ਜ਼ਲ ਦੇ ਸ਼ਿਅਰ ਕਿਸੇ ਸੱਜਰੀ ਸਵੇਰ ਵੇਲੇ ਖਿੜੇ ਹੋਏ ਫੁੱਲਾਂ ਵਰਗੇ ਹੁੰਦੇ ਹਨ। ਫੁੱਲਾਂ ਦੀਆਂ ਪੱਤੀਆਂ 'ਤੇ ਪਏ ਤ੍ਰੇਲ ਦੇ ਤੁਪਕਿਆਂ ਵਰਗੇ ਹੁੰਦੇ ਹਨ। ਪਹਾੜਾਂ ਤੋਂ ਲਹਿੰਦੇ ਹੋਏ ਸੱਚੇ ਪਾਣੀ ਦੇ ਝਰਨੇ ਵਰਗੇ ਹੁੰਦੇ ਹਨ। ਹਵਾ ਦੀ ਤਾਲ ਤੇ ਕਿੱਕਲੀ ਪਾ ਰਹੀਆਂ ਰੁੱਖਾਂ ਦੀਆਂ ਲਚਕੀਲੀਆਂ ਟਹਿਣੀਆਂ ਵਰਗੇ ਹੁੰਦੇ ਹਨ, ਅੰਬਾਂ ਨਾਲ ਲੱਦੀਆਂ ਅਤੇ ਲਿਫ਼ੀਆਂ ਹੋਈਆਂ ਟਹਿਣੀਆਂ 'ਤੇ ਬੈਠੀ ਬਿਰਹਾ ਰਾਗ ਅਲਾਪ ਰਹੀ ਕੋਇਲ ਦੀ ਕੁਹੂ-ਕੁਹੂ ਵਰਗੇ ਹੁੰਦੇ ਹਨ, ਸਿੱਪ ਦੇ ਮੂੰਹ ਵਿਚ ਪੈ ਕੇ ਸਵਾਂਤੀ ਬੂੰਦ ਦੇ ਮੋਤੀ ਬਣ ਜਾਣ ਵਰਗੇ ਹੁੰਦੇ ਹਨ। ਰੇਗਿਸਤਾਨ ਦਾ ਸਫ਼ਰ ਕਰ ਰਹੇ ਕਾਫ਼ਲੇ ਦੇ ਊਠਾਂ ਗਲ ਲਟਕ ਰਹੀਆਂ ਟੱਲੀਆਂ ਦੀ ਟੁਣਕਾਰ ਵਰਗੇ ਹੁੰਦੇ ਹਨ, ਕਿਸੇ ਸੂਫ਼ੀ ਫ਼ਕੀਰ ਦੀ ਦਰਗਾਹ ਵਿਚੋਂ ਆ ਰਹੀ ਅੱਲਾ ਹੂ ਦੀ ਆਵਾਜ਼ ਵਰਗੇ ਹੁੰਦੇ ਹਨ।

ਸਮਾਂ ਬੀਤਣ ਅਤੇ ਰੁੱਤ ਬਦਲਣ ਨਾਲ ਪੰਜਾਬ ਦੇ ਵਿਹੜਿਆਂ ਵਿਚਲੇ ਗਮਲਿਆਂ ਵਿਚੋਂ ਕੋਮਲ ਕਲੀਆਂ ਵੀ ਫੁੱਟਣੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਕਲੀਆਂ ਵਿਚ ਮਸਤ ਕਰ ਦੇਣ ਵਾਲੀ ਖ਼ੁਸ਼ਬੋ ਵੀ ਸੀ ਅਤੇ ਬਹੁ-ਅਰਥੀ ਰੰਗ ਵੀ। ਇਨ੍ਹਾਂ ਦੀਆਂ ਪੱਤੀਆਂ ਦੇ ਰੇਸ਼ਿਆਂ ਉੱਤੇ ਲਿਖੀ ਹੋਈ ਇਬਾਰਤ ਗ਼ਜ਼ਲ ਦੇ ਸ਼ਿਅਰਾਂ ਦਾ ਰੂਪ ਧਾਰ ਕੇ ਲੋਕਾਂ ਸਾਹਮਣੇ ਆਈ। ਇਹਨਾਂ ਕਲੀਆਂ ਦੇ ਗ਼ਜ਼ਲ-ਕਾਫ਼ਿਲੇ ਵਿਚ ਸ਼ਾਮਲ ਹੋਣ ਨਾਲ ਸਿਰਜਣਾ ਦਾ ਨਵਾਂ ਸੰਸਾਰ ਹੋਂਦ ਵਿਚ ਆਇਆ ਜਿਸ ਦੀ ਜ਼ਿਆਰਤ ਕਰਕੇ ਰੂਹ ਸਰਸ਼ਾਰ ਹੋ ਜਾਂਦੀ ਹੈ।

ਪੰਜਾਬ ਵਿਚ ਵੱਸਦੇ ਪੰਜਾਬੀ ਗਜ਼ਲਗੋ ਸ਼ਾਇਰਾਂ ਵਿਚ ਗੁਰਭਜਨ ਗਿੱਲ ਦਾ ਨਾਂ ਕਿਸੇ ਜਾਣ-ਪਛਾਣ ਦਾ ਮੋਹਤਾਜ਼ ਨਹੀਂ ਹੈ। ਗੁਰਭਜਨ ਗਿੱਲ ਦਾ ਹਥਲਾ ਗ਼ਜ਼ਲ ਸੰਗ੍ਰਹਿ 'ਮੋਰ ਪੰਖ’ ਉਹਨਾਂ ਦਾ ਆਪਣੀ ਮੰਜ਼ਿਲ ਵੱਲ ਇਕ ਸਾਰਥਿਕ ਕਦਮ ਹੈ, ਜਿਸ 'ਤੇ ਸ਼ਾਇਰ ਨੂੰ ਮਾਣ ਵਰਗੀ ਤਸੱਲੀ ਹੋ ਸਕਦੀ ਹੈ। ਗੁਰਭਜਨ ਗਿੱਲ ਨੇ ਲਗਾਤਾਰ ਪਿਛਲੀ ਸਦੀ ਦੇ ਸੱਤਵੇਂ ਦਹਾਕੇ ਦੇ ਸ਼ੁਰੂ ਤੋਂ ਲੈ ਕੇ ਨਜ਼ਮਾਂ ਵੀ ਲਿਖੀਆਂ ਹਨ ਅਤੇ ਗੀਤ ਵੀ, ਜੋ ਸਿਰਕੱਢ ਗਾਇਕਾਂ ਨੇ ਗਾਏ ਹਨ ਅਤੇ ਚੰਗਾ ਨਾਮਣਾ ਖੱਟਿਆ ਹੈ। ਪੰਜਾਬ ਦੀ ਤ੍ਰਾਸਦੀ ਬਾਰੇ ਲਿਖਿਆ ਹੋਇਆ ਉਹਨਾਂ ਦਾ ਗੀਤ ‘ਸਾਨੂੰ ਮੋੜ ਦਿਓ ਰੰਗਲਾ ਪੰਜਾਬ ਅਸੀਂ ਨਹੀਂ ਕੁਝ ਹੋਰ ਮੰਗਦੇ' ਅਤੇ ਭਰੂਣ ਹੱਤਿਆ ਤੇ ਲਿਖਿਆ ਗੀਤ 'ਮਾਏ ਨੀ ਇਕ ਲੋਰੀ ਦੇ ਦੇ’ ਜਿਸ ਨੂੰ ਜਸਬੀਰ ਜੱਸੀ ਗੁਰਦਾਸਪੁਰੀਏ ਨੇ ਗਾਇਆ ਹੈ, ਬਹੁਤ ਮਕਬੂਲ ਹੋਏ ਹਨ। ਰੁਬਾਈ, ਟੱਪੇ, ਬੈਂਤ,

ਮੋਰ ਪੰਖ /9