ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਰਾਂ ਮਾਹ, ਵਰਗੇ ਸਾਹਿਤ-ਰੂਪ ਵੀ ਉਸ ਦੀਆਂ ਬਾਕੀ ਕਿਤਾਬਾਂ ਵਿਚ ਪ੍ਰਕਾਸ਼ਤ ਹੁੰਦੇ ਰਹੇ ਨੇ।

ਗੁਰਭਜਨ ਗਿੱਲ ਦੀ ਭਾਸ਼ਾ ਧਰਤੀ ਦੀ ਭਾਸ਼ਾ ਹੈ। ਸੌਖੀ, ਪੁਰ ਅਸਰ ਅਤੇ ਢੁਕਵੀਂ ਕਾਵਿ-ਭਾਸ਼ਾ ਕਵਿਤਾ ਦਾ ਸ਼ਿੰਗਾਰ ਹੁੰਦੀ ਹੈ। ਧਰਤੀ ਦੀ ਭਾਸ਼ਾ ਵਿਚੋਂ ਮਿੱਟੀ ਦੀ ਸੁਗੰਧ ਆਉਂਦੀ ਹੈ ਜੋ ਸਿੱਧਾ ਦਿਲ ਅਤੇ ਰੂਹ ’ਤੇ ਅਸਰ ਕਰਦੀ ਹੈ। ਸੌਖੀ ਜ਼ਬਾਨ ਵਿਚ ਕਹੇ ਗਏ ਸ਼ਿਅਰ ਲੋਕਾਂ ਨੂੰ ਜ਼ਬਾਨੀ ਯਾਦ ਹੋ ਜਾਂਦੇ ਹਨ। ਇਹ ਸੌਖੀ ਜ਼ਬਾਨ ਨੂੰ ਮਿਲੀ ਸ਼ਾਬਾਸ਼ ਹੈ।

ਗ਼ਜ਼ਲ ਦੇ ਸ਼ਿਅਰਾਂ ਵਿਚ ਬਿਆਨ ਦਾ ਬੜਾ ਮਹੱਤਵ ਹੈ। ਬਿਆਨ ਦਾ ਅਰਥ ਲਫ਼ਜ਼ਾਂ ਦੀ ਤਰਤੀਬ ਹੈ। ਲਫ਼ਜ਼ਾਂ ਦੀ ਚੋਣ ਅਤੇ ਉਹਨਾਂ ਦੀ ਚੋਣ ਤੇ ਜੜਤ ਬਹੁਤ ਹੀ ਮਹੱਤਵਪੂਰਨ ਅਮਲ ਹੈ ਜੋ ਵਿਸ਼ੇ ਨੂੰ ਦੁੱਧ ਵਿਚ ਇਸ਼ਨਾਨ ਕਰਾ ਦੇਂਦਾ ਹੈ।

ਵਿਸ਼ਾ ਮੁਟਿਆਰ ਦੀ ਤਰ੍ਹਾਂ ਹੁੰਦਾ ਹੈ ਜਿਸਦੇ ਸਰੀਰ ਦੀ ਬਣਤਰ ਅਨੁਸਾਰ ਕਪੜੇ ਸਿਉਂ ਕੇ ਪੁਆਉਣੇ ਹੁੰਦੇ ਹਨ। ਦਰਜ਼ੀ ਦਾ ਇਹ ਕੰਮ ਜ਼ਬਾਨ ਤੇ ਬਿਆਨ ਕਰ ਸਕਦੇ ਹਨ। ਉਹ ਆਪਣੀ ਕਲਾ ਨਾਲ ਕਾਮਨੀ ਦੇ ਸਰੀਰ ਦੀ ਬਨਾਵਟ ਅਨੁਸਾਰ ਵੇਤਰ ਕਾਰ ਕਰਦੇ ਹਨ ਤੇ ਉਸ ਮੁਟਿਆਰ ਨੂੰ ਸੀਤੇ ਹੋਏ ਕਪੜੇ ਪੁਆਏ ਜਾਂਦੇ ਹਨ ਤਾਂ ਉਸ ਦੇ ਸਰੀਰ ਦਾ ਹਰ ਅੰਗ ਖੁਸ਼ਨੁਮਾ ਲੱਗਦਾ ਹੈ। ਉਸ ਦਾ ਜੋਬਨ ਠਾਠਾਂ ਮਾਰਦਾ ਹੋਇਆ ਨਜ਼ਰ ਆਉਂਦਾ ਹੈ। ਜ਼ਬਾਨ ਅਤੇ ਬਿਆਨ ਦੀ ਇਹ ਸਫ਼ਲਤਾ ਵੀ ਗੁਰਭਜਨ ਗਿੱਲ ਦੇ ਹੀ ਹਿੱਸੇ ਆਈ ਹੈ।

ਗੁਰਭਜਨ ਗਿੱਲ ਨੇ ਹਰ ਪ੍ਰਕਾਰ ਦੀਆਂ ਬਹਿਰਾਂ ਦਾ ਇਸਤੇਮਾਲ ਕੀਤਾ ਹੈ। ‘ਮੋਰ ਪੰਖ’ ਵਿਚ ਇਕ ਹੀ ਗਜ਼ਲ ਗੈਰ ਮੁਰੱਦਫ਼ ਹੈ ਜਿਸ ਨੂੰ ਪੜ੍ਹਦਿਆਂ ਹੋਇਆ ਓਨਾ ਹੀ ਰਸ-ਸਵਾਦਨ ਹੁੰਦਾ ਹੈ ਜਿੰਨਾ ਬਾ ਰਦੀਫ਼ ਗ਼ਜ਼ਲ ਪੜ੍ਹਦਿਆਂ ਮਹਿਸੂਸ ਹੋ ਸਕਦਾ ਹੈ। ਜ਼ਰਾ ਇਹ ਦੋਵੇਂ ਸ਼ੇਅਰ ਵੇਖੋ:

ਐਵੇਂ ਕਰੀ ਜਾਵੇਂ ਕਾਹਨੂੰ ਮੇਰੇ ਆਉਣ ਦੀ ਉਡੀਕ।
ਕਦੋਂ ਧਰਤੀ ਨੇ ਚੁੰਮੀ ਟੁੱਟੇ ਤਾਰਿਆਂ ਦੀ ਲੀਕ।

ਵਿਦੇਸ਼ਾਂ ਵਿਚ ਕਈ ਵਾਰ ਯਾਤਰੀ ਦੇ ਤੌਰ ਤੇ ਵਿਚਰਨ ਤੋਂ ਬਾਅਦ ਆਪਣੇ ਵਤਨ ਪਰਤ ਕੇ ਆਪਣੇ ਦਿਲ ਦੇ ਜਜ਼ਬਾਤ ਐਸੀ ਖੂਬੀ ਨਾਲ ਬਿਆਨ ਕਰਦਾ ਹੈ ਕਿ ਆਪ ਮੁਹਾਰੇ ਮੂੰਹ ਵਿਚੋਂ ਵਾਹ-ਵਾਹ ਨਿਕਲ ਜਾਂਦੀ ਹੈ:

ਹੰਝੂਆਂ ਨਾਲ ਸਮੁੰਦਰ ਸੱਤੇ ਭਰ ਆਇਆ ਹਾਂ।
ਦਰਦ ਸੁਣਾ ਕੇ ਪਾਣੀ ਖ਼ਾਰੇ ਕਰ ਆਇਆ ਹਾਂ।

ਸ਼ਾਇਰ ਦੀ ਨਜ਼ਰ ਵਿਚ ਮਹਿਬੂਬ ਨੂੰ ਪਹਿਲੀ ਵਾਰੀ ਮਿਲਣ ਵਾਲੀ ਥਾਂ ਬਹੁਤ ਪਿਆਰੀ ਹੈ। ਉਹਨੇ ਆਪਣੇ ਮਹਿਬੂਬ ਦੇ ਪੈਰਾਂ ਦੀ ਛੋਹ ਪ੍ਰਾਪਤ ਥਾਂ ਨੂੰ ਪਵਿੱਤਰ ਕਰਾਰ ਦੇਣ ਲਈ ਕੀ ਕੀਤਾ ਹੈ, ਉਸ ਦੇ ਆਪਣੇ ਲਫ਼ਜ਼ਾਂ ਵਿਚ ਸੁਣੋ:

ਮੋਰ ਪੰਖ /10