ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੱਥੇ ਆਪਾਂ ਦੋਵੇਂ ਪਹਿਲੀ ਵਾਰ ਮਿਲੇ ਸੀ,
ਓਸ ਜਗ੍ਹਾਂ ਚੌਮੁਖੀਆ ਦੀਵਾ ਧਰ ਆਇਆ ਹਾਂ।

ਮੁਕੰਮਲ ਸ਼ਿਅਰ ਦੀ ਇਕ ਪਹਿਚਾਣ ਇਹ ਵੀ ਹੈ ਕਿ ਉਸ ਦੇ ਦੋਵੇਂ ਮਿਸਰੇ ਦੋ ਜਿਸਮ ਪਰ ਇਕ ਰੂਹ ਜਾਪਣ। ਇੰਜ ਜਾਪੇ ਕਿ ਮਿਸਰਾ ਉਲਾ ਦਾ ਮਿਸ਼ਰਾ ਸਾਨੀ ਬਿਨਾਂ ਸਰ ਨਹੀਂ ਸਕਣਾ। ਇਸ ਦਾ ਨਮੂਨਾ ਵੇਖੋ:

ਠੋਕਰਾਂ ਨਾ ਮਾਰ ਸ਼ੀਸ਼ਾ ਚੂਰ ਨਾ ਕਰ।
ਅਕਸ ਨੂੰ ਤੂੰ ਆਪਣੇ ਤੋਂ ਦੂਰ ਨਾ ਕਰ।

ਇਸ ਸ਼ਾਇਰ ਕੋਲ ਬੜੀ ਬਾਰੀਕ ਨਜ਼ਰ ਹੈ। ਇਹ ਨਦੀ ਵਿੱਚ ਤਾਰੇ ਜਾਂਦੇ ਅਰੀਜ਼ਿਆਂ ਵਰਗੇ ਦੀਵਿਆਂ ਦੀ ਭੂਮਿਕਾ ਨੂੰ ਬਿਲਕੁਲ ਨਿਵੇਕਲੇ ਅੰਦਾਜ਼ ਨਾਲ ਵੇਖਦਾ ਅਤੇ ਬਿਆਨ ਕਰਦਾ ਹੈ:

ਨਿਰਮਲ ਨੀਰ ਵਿਚਾਰਾ ਰਸਤਾ ਭੁੱਲ ਨਾ ਜਾਵੇ,
ਵਗਦੇ ਪਾਣੀ ਉੱਪਰ ਦੀ ਤਾਰ ਲਏ ਨੇ।

ਆਪਣੇ ਮਹਿਬੂਬ ਦੇ ਜਿਸਮ ਦੀ ਖ਼ੁਸ਼ਬੂ ਨੂੰ ਅਮਾਨਤ ਵਾਂਗ ਸੰਭਾਲ ਕੇ ਰੱਖਣਾ ਮੁਹੱਬਤ ਦਾ ਸਿਰ ਉੱਚਾ ਕਰਨਾ ਹੈ। ਮੁਹੱਬਤ ਵਿਚ ਕਿਸੇ ਚੀਜ਼ ਦੇ ਪ੍ਰਾਪਤ ਹੋਣ ਦੀ ਰਸੀਦ ਦੇਣ ਦਾ ਇਕ ਅਨੋਖਾ ਢੰਗ ਇਹ ਵੀ ਹੈ:

ਤੈਨੂੰ ਛੂਹ ਕੇ ਆਈ, ਜਿਸ ਨੂੰ ਪੌਣ ਲਿਆਈ,
ਉਸ ਖੁਸ਼ਬੂ ਨੂੰ ਕੁੰਡੇ ਜੰਦਰੇ ਮਾਰ ਲਏ ਨੇ।

ਪਰਦੇਸਾਂ ਵਿਚ ਵੱਸਦੇ ਲੋਕਾਂ ਲਈ ਆਪਣੇ ਵਤਨ ਦੀ ਮਿੱਟੀ ਨਾਲ ਮੋਹ ਕੁਦਰਤੀ ਹੁੰਦਾ ਹੈ। ਲੰਮਾ ਸਮਾਂ ਆਪਣੇ ਵਤਨ ਤੋਂ ਦੂਰ ਰਹਿਣਾ ਉਨ੍ਹਾਂ ਦੀ ਮਜ਼ਬੂਰੀ ਹੁੰਦੀ ਹੈ। ਏਸ ਬੇਬਸੀ ਵਿਚੋਂ ਜਿਹੜੀ ਪੀੜ ਜਨਮ ਲੈਂਦੀ ਹੈ ਉਸ ਦਾ ਨਾਮਕਰਨ ਕੋਈ ਸੌਖਾ ਕੰਮ ਨਹੀਂ ਤੇ ਜੇਕਰ ਉਸ ਨੂੰ ਬਿਆਨ ਕਰਨ ਲਈ ਕਿਸੇ ਤਸ਼ਬੀਹ ਨੂੰ ਕਨਾਏ ਦੇ ਤੌਰ `ਤੇ ਕਹਿਣਾ ਹੋਵੇ ਤਾਂ ਇਹ ਸ਼ਾਇਰ ਦੇ ਫ਼ਨ ਦਾ ਇਮਤਿਹਾਨ ਹੁੰਦਾ ਹੈ:

ਮਾਂ ਬੋਲੀ, ਮਾਂ ਜਨਣੀ, ਧਰਤੀ ਮਾਤਾ ਕੋਲੋਂ,
ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ।

ਸਾਡੇ ਸਮਾਜ ਵਿਚ ਤੇਜ਼ੀ ਨਾਲ ਬਦਲ ਰਹੀਆਂ ਕਦਰਾਂ-ਕੀਮਤਾਂ ਨੇ ਮਨੁੱਖ ਦੇ ਅਹਿਸਾਸ ਦਾ ਮੂੰਹ ਦੂਜੇ ਪਾਸੇ ਕਰ ਦਿੱਤਾ ਹੈ। ਹੁਣ ਇਸ ਦੀ ਸੰਵੇਦਨਾ ਪੱਥਰ ਬਣਦੀ ਜਾ ਰਹੀ ਹੈ। ਇਸ ਤੱਥ ਵੱਲ ਸਾਡਾ ਧਿਆਨ ਖਿੱਚਦਾ ਹੋਇਆ ਇਹ ਸ਼ੇਅਰ ਵੇਖੋ:

ਮੋਰ ਪੰਖ /11