ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕਾਂ ਦੇ ਮਨ ਉੱਤੇ ਇਸ ਦਾ ਭਾਰ ਨਹੀਂ ਹੁਣ।
ਕਿਉਂ ਬਿਰਖਾਂ ਤੇ ਬਹਿੰਦੀ ਆ ਕੇ ਡਾਰ ਨਹੀਂ ਹੁਣ।

ਮਨੁੱਖ ਲਈ ਖੁਸ਼ਹਾਲ ਅਤੇ ਸਤਿਕਾਰਯੋਗ ਜ਼ਿੰਦਗੀ ਲਈ ਸੰਘਰਸ਼ ਕਰਦੇ ਲੋਕ ਮੌਜੂਦਾ ਨਿਜ਼ਾਮ ਦੀ ਹਨੇਰੀ ਰਾਤ ਨਾਲ ਤੁਲਨਾ ਕਰਦੇ ਹਨ। ਉਹ ਇਸ ਨਿਜ਼ਾਮ ਨੂੰ ਬਦਲ ਕੇ ਐਸਾ ਨਿਜ਼ਾਮ ਸਥਾਪਤ ਕਰਨਾ ਚਾਹੁੰਦੇ ਹਨ ਜਿਸ ਵਿਚ ਮਨੁੱਖ ਹੱਥੋਂ ਮਨੁੱਖ ਦਾ ਸ਼ੋਸ਼ਣ ਨਾ ਹੋਵੇ। ਜਦੋਂ ਤੱਕ ਐਸਾ ਨਿਜ਼ਾਮ ਕਾਇਮ ਨਹੀਂ ਹੋ ਜਾਂਦਾ ਉਸ ਲਈ ਸੰਘਰਸ਼ ਜਾਰੀ ਰਹੇਗਾ:-

ਚਿਰਾਗਾਂ ਦਾ ਇਹ ਕਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ।
ਅਸਾਂ ਤਾਂ ਬਲਦੇ ਰਹਿਣਾ ਹੈ, ਜਦੋਂ ਤੱਕ ਰਾਤ ਬਾਕੀ ਹੈ।

ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਭਰਪੂਰ ਜਿੱਦਤ ਹੈ ਅਤੇ ਉਸ ਦੀਆਂ ਤਸ਼ਬੀਹਾਂ ਨਵੀਆਂ, ਕਨਾਏ ਅਤੇ ਇਸਤਿਆਰੇ ਵੀ ਤਾਜ਼ੇ ਫੁੱਲਾਂ ਵਰਗੇ ਹਨ। ਅਜੋਕੀ ਜ਼ਿੰਦਗੀ ਨਾਲ ਸਬੰਧਿਤ ਸਮੱਸਿਆਵਾਂ ਪ੍ਰਤੀ ਉਹਨਾਂ ਦਾ ਵਰਤਾਰਾ ਹਮਦਰਦੀ, ਈਮਾਨਦਾਰੀ, ਸੁਹਜ ਅਤੇ ਨਿਆਂ ਭਰਿਆ ਹੈ। ਇਸ ਦੇ ਨਾਲ ਹੀ ਉਹਦੀ ਕਲਮ ਮਹਿਬੂਬ ਦੇ ਹੁਸਨ, ਅਦਾਵਾਂ ਅਤੇ ਨਾਜ਼ ਨਖ਼ਰਿਆਂ ਨੂੰ ਅੱਖੋਂ ਉਹਲੇ ਨਹੀਂ ਕਰਦੀ ਕਿਉਂਕਿ ਇਹ ਅਮਲ ਵੀ ਮਨੁੱਖੀ ਭਾਵਨਾਵਾਂ ਦਾ ਸੁਭਾਵਕ ਪ੍ਰਗਟਾਵਾ ਹੈ ਅਤੇ ਗ਼ਜ਼ਲ ਦਾ ਸ਼ਿੰਗਾਰ ਵੀ। ਇਸ ਸਬੰਧ ਵਿਚ ਗੁਰਭਜਨ ਗਿੱਲ ਦੇ ਇਹ ਦੋ ਸ਼ਿਅਰ ਸਲਾਹੁਣਯੋਗ ਹਨ:

ਉਹਦੀ ਛੋਹ ਜਿਉਂ ਛੋਹ ਬਿਜਲੀ ਦੀ ਤਾਰ ਗਈ ਏ।
ਤੜਪ ਰਿਹਾ ਦਿਲ ਕਰ ਉਹ ਠੰਡਾ ਠਾਰ ਗਈ ਏ।

ਗੁਰਭਜਨ ਗਿੱਲ ਦੇ ਇਸ ਗ਼ਜ਼ਲ ਸੰਗ੍ਰਹਿ ਵਿਚ ਕਾਫ਼ੀ ਸ਼ੇਅਰ ਇਸ ਤਰ੍ਹਾਂ ਦੇ ਮਿਜ਼ਾਜ ਦੇ ਹਨ ਜੋ ਵਰ੍ਹਿਆਂ ਤੀਕਰ ਲੋਕਾਂ ਦੀ ਜ਼ੁਬਾਨ ਦਾ ਸੁਆਦ ਬਣੇ ਰਹਿਣਗੇ। ਮੈਨੂੰ ਪੂਰਾ ਭਰੋਸਾ ਹੈ ਕਿ ਪੰਜਾਬੀ ਗ਼ਜ਼ਲ ਦੇ ਚਾਹਵਾਨ ਪਾਠਕ ਇਸ ਗ਼ਜ਼ਲ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਦਾ ਰਸ-ਸਵਾਦਨ ਕਰਕੇ ਸਰਸ਼ਾਰ ਹੋਇਆ ਕਰਨਗੇ।

ਸਿਵਾ ਸ਼ਾਇਰ, ਮੁਸੱਵਿਰ ਕੇ ਕਿਸੀ ਕੋ ਭੀ ਨਹੀਂ ਆਤਾ,
ਕਿਸੀ ਕਾਗਜ਼ ਸੇ, ਰੰਗੋਂ ਕੀ ਜ਼ੁਬਾਂ ਮੇਂ ਗੁਫ਼ਤਗੂ ਕਰਨਾ।

-ਸਰਦਾਰ ਪੰਛੀ

ਨਸ਼ੇਮਨ, ਪੰਜਾਬ ਮਾਤਾ ਨਗਰ ਲੁਧਿਆਣਾ-141013

ਮੋਰ ਪੰਖ /12