ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਅਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ।
ਵਿਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ।

ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ,
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ।

ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਏ,
ਅਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ।

ਮਾਂ ਬੋਲੀ, ਮਾਂ ਜਣਨੀ, ਧਰਤੀ ਮਾਤਾ ਕੋਲੋਂ,
ਟੁੱਟ ਕੇ ਬੰਦਾ, ਮਰਦਾ ਮਰਦਾ ਮਰ ਜਾਂਦਾ ਹੈ।

ਬਹੁਤੀ ਵਾਰੀ ਜਾਗਦਿਆਂ ਨਹੀਂ ਹਿਮੰਤ ਪੈਂਦੀ,
ਸੁਪਨੇ ਅੰਦਰ ਜੋ ਕੁਝ ਬੰਦਾ ਕਰ ਜਾਂਦਾ ਹੈ।

ਮੋਰ ਪੰਖ/ 13