ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਚ ਵਿਚਾਰਾਂ ਕਰਦਾ ਡੁੱਬਿਆਂ ਵੇਖ ਲਵੋ ਮੈਂ,
ਸੱਖਣਾ ਭਾਂਡਾ ਪਾਣੀ ਉੱਤੇ ਤਰ ਜਾਂਦਾ ਹੈ।

ਉੱਚੀ ਉੱਚੀ ਬੋਲ ਰਿਹਾ ਏਂ, ਇਹ ਨਾ ਭੁੱਲੀਂ,
ਦਿਲ ਮਾਸੂਮ ਪਰਿੰਦਾ, ਏਦਾਂ ਡਰ ਜਾਂਦਾ ਹੈ।

ਮਿਲ ਕੇ ਵੀ ਨਾ ਮਿਲਣਾ ਹੈ ਕੁਝ ਏਸ ਤਰ੍ਹਾਂ ਹੀ,
ਜਿਉਂ ਤਿਤਲੀ ਅੰਗਿਆਰ ਤੇ ਕੋਈ ਧਰ ਜਾਂਦਾ ਹੈ।

ਰੱਬਾ! ਰੱਬਾ! ਕੂਕਦਿਆਂ ਪਿੰਡ ਮਰ ਚੱਲੇ ਨੇ,
ਕਾਲਾ ਬੱਦਲ ਸ਼ਹਿਰਾਂ ਉੱਤੇ ਵਰ੍ਹ ਜਾਂਦਾ ਹੈ।

ਆਮ ਕਹਾਵਤ ਪਹਿਲਾਂ ਵਾਲੀ ਬਦਲ ਗਈ ਏ,
ਅਕਲ ਮਿਲੇ, ਲੱਕੜੀ ਬਿਨ ਲੋਹਾ ਤਰ ਜਾਂਦਾ ਹੈ।

ਦਿਲ ਨੂੰ ਦੌਲਤ ਏਨੀ ਵੀ ਨਾ ਬਖਸ਼ ਦਿਆ ਕਰ,
ਛੋਟਾ ਬਰਤਨ, ਕੰਢਿਆਂ ਤੀਕਰ ਭਰ ਜਾਂਦਾ ਹੈ।

ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ,
ਅਪਣੀ ਨਜ਼ਰੋਂ` ਗਿਰ ਕੇ ਬੰਦਾ ਮਰ ਜਾਂਦਾ ਹੈ।

ਡੋਲ ਰਿਹਾ ਮਨ ਟਿਕ ਜਾਂਦੈ, ਮੈਂ ਕੀਕਣ ਦੱਸਾਂ,
ਤੇਰਾ ਇਕ ਧਰਵਾਸਾ ਕੀ ਕੁਝ ਕਰ ਜਾਂਦਾ ਹੈ।

ਸੋਰ ਪੰਖ/ 14