ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਜੇ ਤੁਰਿਐਂ ਆਪਣੇ ਤੋਂ ਪਾਰ ਜਾਵੀਂ।
ਸਦੀਵੀ ਜਿੱਤ ਖ਼ਾਤਰ ਹਾਰ ਜਾਵੀਂ।

ਜੁਰਾਬਾਂ ਵਾਂਗ ਲਾਹ ਲਈ ਰੁਤਬਿਆ ਨੂੰ,
ਜਦੋ ਵੀ ਰੂਹ ਦੇ ਦਰਬਾਰ ਜਾਵੀਂ।

ਜੇ ਤਰਨਾ ਜਾਣਦਾ ਨਹੀਂ ਫੇਰ ਸੁਣ ਲੈ,
ਨਦੀ ਦੇ ਨਾ ਕਦੇ ਵਿਚਕਾਰ ਜਾਵੀਂ ।

ਵਰ੍ਹੀਂ ਘਨਘੋਰ ਬੱਦਲ ਬਣ ਕੇ ਏਨਾ,
ਤੂੰ ਬਲਦੇ ਹਿਰਦਿਆਂ ਨੂੰ ਠਾਰ ਜਾਵੀਂ।

ਕਦੇ ਵੀ ਜਿਸਮ ਨੂੰ ਮਿਲ ਕੇ ਨਾ ਪਰਤੀਂ,
ਜਦੋਂ ਜਾਵੇਂ ਤਾਂ ਰੂਹ ਦੇ ਪਾਰ ਜਾਵੀਂ।

ਸਮਾਂ ਜੇ ਜਾਗਦੇ ਮਿਲਦਾ ਨਹੀਂ ਤਾਂ,
ਕਦੇ ਸੁਪਨੇ ’ਚ ਗੇੜਾ ਮਾਰ ਜਾਵੀਂ।

ਰੁੱਸ ਕੇ ਜਾਣ ਦੀ ਸੋਚੀਂ ਕਦੇ ਨਾ,
ਖ਼ੁਸ਼ੀ ਦੇ ਨਾਲ ਲੱਖਾਂ ਵਾਰ ਜਾਵੀਂ।

ਜੇ ਅਨਹਦ ਨਾਦ ਚਾਹੇਂ ਰੂਹ ’ਚ ਗੂੰਜੇ,
ਸਦੀਵੀ ਚੁੱਪ ਨੂੰ ਟੁਣਕਾਰ ਜਾਵੀਂ।

ਮੋਰ ਪੰਖ /15