ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਰੀਝ ਕਦੇ ਵੀ ਦਿਲ ਤੇ ਉੱਤੇ ਭਾਰ ਨਹੀਂ ਹੁੰਦੀ।
ਇਸ ਦੀ ਕੀਮਤ ਕਮਦਿਲਿਆਂ ਤੋ ਤਾਰ ਨਹੀਂ ਹੁੰਦੀ।

ਐਸੀ ਕਾਵਿ-ਕਿਤਾਬ ਬੇਅਰਥਾ ਸ਼ਬਦੀ ਜੰਗਲ ਹੈ,
ਜਿਸ ਨੂੰ ਪੜ੍ਹ ਕੇ ਦਿਲ ਵਿਚ ਹਾਹਾਕਾਰ ਨਹੀਂ ਹੁੰਦੀ।

ਬਾਜ਼ ਉਡਾਰੀ ਭਰਦਾ, ਤਰਦਾ ਉੱਚੇ ਔਬਰੀਂ ਵੇਖ,
ਸੂਰਮਿਆਂ ਦੀ ਧਰਤੀ ਉੱਤੇ ਵਾਹਰ ਨਹੀਂ ਹੁੰਦੀ।

ਸ਼ੇਰ ਦਹਾੜੇ ਜੰਗਲ ਅੰਦਰ ਕੱਲ-ਮੁ-ਕੱਲ੍ਹਾ ਵੇਖ,
ਨਿਰਭਉ ਮਨ ਦੇ ਅੰਦਰ ਬੈਠੀ ਗਾਰ ਨਹੀਂ ਹੁੰਦੀ।

ਰੱਤ ਦੇ ਛਿੱਟੇ ਪੂੰਝ ਰਿਹਾ ਏਂ ਰੱਤ ਦੇ ਨਾਲ ਕਿਓਂ.
ਅਗਨ ਅਗਨ ਦੇ ਨਾਲ ਕਦੇ ਵੀ ਠਾਰ ਨਹੀਂ ਹੁੰਦੀ।

ਤੇਰਾ ਨੂਰ ਇਲਾਹੀ ਮੇਰੇ ਅੰਦਰ ਜਗਦਾ ਹੈ,
ਰੂਹ ਤੋਂ ਰੂਹ ਵਿਚਕਾਰ ਕਦੇ ਵੀ ਤਾਰ ਨਹੀਂ ਹੁੰਦੀ।

ਇੱਕੋ ਵਾਰ ਪਰਖ਼ ਲੈ ਮੇਰੇ ਸਿਦਕ ਸਬੂਤੇ ਨੂੰ,
ਵਾਰੀ ਵਾਰੀ ਇਹ ਜ਼ਿੰਦਗਾਨੀ ਵਾਰ ਨਹੀਂ ਹੁੰਦੀ।

ਆਪਣਿਆਂ ਦੇ ਹੱਥਾਂ ਵਿਚ ਗੁਲਦਸਤੇ ਹੁੰਦੇ ਨੇ,
ਸੱਜਣਾਂ ਦੇ ਹੱਥ ਦੋਧਾਰੀ ਤਲਵਾਰ ਨਹੀਂ ਹੁੰਦੀ।

ਮੋਰ ਪੰਖ /34