ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਜੀਅ ਭਰ ਤੱਕਿਆ ਤੈਨੂੰ ਨਕਸ਼ ਨਿਹਾਰ ਲਏ ਨੇ।
ਉਹ ਪਲ ਸਾਰੇ ਸਾਹਾਂ ਵਿਚ ਉਤਾਰ ਲਏ ਨੇ।

ਤੈਨੂੰ ਛੋਹ ਕੇ ਆਈ ਜਿਸਨੂੰ ਪੌਣ ਲਿਆਈ,
ਉਸ ਖੁਸ਼ਬੂ ਨੂੰ ਕੁੰਡੇ ਜੰਦਰੇ ਮਾਰ ਲਏ ਨੇ।

ਤੇਰੇ ਆਵਣ ਦੀ ਸੋਅ ਰਾਤੀਂ ਸੁਪਨੇ ਦਿੱਤੀ,
ਮੈਂ ਦਿਨ ਚੜ੍ਹਨੋਂ ਪਹਿਲਾਂ, ਰਾਹ ਬੁਹਾਰ ਲਏ ਨੇ।

ਯਾਦ ਤੇਰੀ ਦੀ ਮੱਥੇ ਗਿੱਲੀ ਪੱਟੀ ਕਰਕੇ,
ਤਪਦੇ ਜਜ਼ਬੇ ਕਰ ਮੈਂ ਠੰਢਾ ਠਾਰ ਲਏ ਨੇ।

ਨਿਰਮਲ ਨੀਰ ਵਿਚਾਰਾ ਰਸਤਾ ਭੁੱਲ ਨਾ ਜਾਵੇ,
ਵਗਦੇ ਪਾਣੀ ਉਪਰ ਦੀਵੇ ਤਾਰ ਲਏ ਨੇ।

ਹੋ ਜਾਵੇਗੀ ਫੁੱਲਾਂ ਤੀਕ ਰਸਾਈ ਮੇਰੀ,
ਤਾਹੀਓਂ ਪਹਿਲਾਂ ਬੁੱਕਲ ਦੇ ਵਿਚ ਖ਼ਾਰ ਲਏ ਨੇ।

ਦਿਨ ਚੜ੍ਹਦੇ ਦੀ ਲਾਲੀ ਵਰਗਾ ਮੱਥਾ ਤੱਕ ਕੇ ,
ਸੱਚ ਜਾਣੀ ਮੈਂ ਅਪਣੇ ਭਾਗ ਸੰਵਾਰ ਲਏ ਨੇ।

ਮੋਰ ਪੰਖ /33