ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਨਦੀ ਤੂਫ਼ਾਨੀ ਉੱਛਲੀ ਸੀ ਹੁਣ ਟਿਕ ਕੇ ਬਹਿ ਗਈ ਏ।
ਤੁਰਦੀ ਤੁਰਦੀ ਬਾਤ ਵਿਚਾਰੀ ਅੱਧ ਵਿਚ ਰਹਿ ਗਈ ਏ।

ਮੀਟ ਲਵਾਂ ਜੇ ਅੱਖੀਆਂ ਅੱਗੇ ਤਾਰੇ ਤੁਰਦੇ ਨੇ,
ਖੋਲ੍ਹਾਂ ਤਾਂ ਫਿਰ ਜਾਪੇ ਡਾਰ ਹਵਾ ਵਿਚ ਛਹਿ ਗਈ ਏ।

ਸਿਰ ਤੇ ਪੈਰ ਗੁਆਚ ਗਏ ਧੜ ਲੱਭਦਾ ਫਿਰਦਾ ਹੈ,
ਮੋਮੀ ਜਿਸਮ ਦੇ ਨਾਲ ਅਗਨ ਜਿਉਂ ਨੇੜਿਓਂ ਖਹਿ ਗਈ ਏ।

ਆਪਣੀ ਧੜਕਣ ਰੋਕਾਂ, ਮੈਨੂੰ ਫਿਰ ਮਹਿਸੂਸ ਕਰੀਂ,
ਖ਼ੁਸ਼ਬੂ ਜਾਂਦੀ ਜਾਂਦੀ, ਮੇਰੇ ਕੰਨ ਵਿਚ ਕਹਿ ਗਈ ਏ।

ਤੇਜ਼ ਹਵਾ ਦੇ ਬੁੱਲ੍ਹੇ ਅੱਗੇ ਘੁੰਮਣਘੇਰ ਜਿਵੇ,
ਜਿੰਦ ਮਿੱਟੀ ਦੀ ਢੇਰੀ ਏਦਾਂ ਪਲ ਵਿਚ ਢਹਿ ਗਈ ਏ।

ਤੇਜ਼ ਤੂਫ਼ਾਨ ਦੇ ਸਾਹਵੇਂ ਰੁੱਖ ਸਭ ਡਿੱਗ ਪਏ ਨੇ, ਪਰ;
ਤੋਰੇ ਦਮ ਤੇ ਜਿੰਦ ਮੋਰੀ ਸਭ ਸਦਮੇ ਸਹਿ ਗਈ ਏ।

ਸ਼ੁਕਰ ਮਨਾਵਾਂ ਤੇਰਾ ਜਿੰਦੇ ਕਿੰਜ ਧੰਨਵਾਦ ਕਰਾਂ,
ਦੌਚਿੱਤੀ ਦੌਮੂੰਹੀਂ ਜਿਹੜੀ ਮਗਰੋ ਲਹਿ ਗਈ ਏ।

ਮੋਰ ਪੰਖ /32