ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਐਟਮ ਦਾ ਵਣਜ ਕਰਦੇ, ਘੁੱਗੀਆਂ ਉਡਾ ਰਹੇ ਨੇ।
ਮਕਤਲ ’ਚੋਂ ਗੀਤ ਗਾਉਂਦੇ, ਇਹ ਕੌਣ ਜਾ ਰਹੇ ਨੇ।

ਸਾਡਾ ਵਿਕਾਸ ਕਹਿ ਕੇ, ਕਰਦੇ ਵਿਨਾਸ਼ ਨਿਸ ਦਿਨ,
ਇਹ ਮੰਡੀਆਂ ਦੇ ਤਾਜਰ, ਕੀ ਗੁਲ ਖਿਲਾ ਰਹੇ ਨੇ।

ਸਾਡੇ ਘਰਾਂ ਦੇ ਮੱਥੇ, ਦਹਿਸ਼ਤ-ਨਿਵਾਸ ਲਿਖ ਕੇ,
ਸੁੱਤੇ ਅੰਗਾਰਿਆਂ ਨੂੰ ਇਹ ਕਿਉਂ ਜਗਾ ਰਹੇ ਨੇ।

ਦਾਨਵ ਦੇ ਨਾਲ ਮਾਨਵ ਸਦੀਆਂ ਤੋਂ ਖਹਿ ਰਿਹਾ ਸੀ,
ਹੁਣ ਇੱਕੋ ਵੇਸ ਪਾ ਕੇ, ਇਹ ਕੌਣ ਆ ਰਹੇ ਨੇ।

ਸਾਡੇ ਮਨਾਂ ਦੇ ਅੰਦਰ, ਹੁਣ ਅਜਬ ਖਲਬਲੀ ਹੈ,
ਸੀਤਲ ਸਰੋਵਰਾਂ ਨੂੰ, ਇਹ ਕੌਣ ਤਾਅ ਰਹੇ ਨੇ।

ਸੁਣਦੇ ਨਾ ਰੁਦਨ ਮਨ ਦਾ, ਡਾਲਰ ਦੀ ਛਣਕ ਸੁਣਦੇ,
ਕਿੰਜ ਕਹੀਏ ਗ਼ਾਫ਼ਿਲਾਂ ਨੂੰ, ਉਹ ਕੀ ਗੁਆ ਰਹੇ ਨੇ।

ਧਰਤੀ ਵੀਰਾਨ ਕਰਕੇ, ਸ਼ਾਤਰ ਦਿਮਾਗ ਵਾਲੇ,
ਵਿਗਿਆਨ ਦੇ ਬਹਾਨੇ, ਮੰਗਲ ਨੂੰ ਜਾ ਰਹੇ ਨੇ।

ਮੋਰ ਪੰਖ /31