ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਬਿਰਧ ਸਰੀਰ, ਬੇਗਾਨੀ ਧਰਤੀ, ਰਹਿ ਗਏ ਕੱਲ-ਮੁ-ਕੱਲ੍ਹੇ।
ਖੱਟੀ ਖੱਟਣ ਆਏ ਸੀ ਪਰ, ਖ਼ਾਲੀ ਹੋ ਗਏ ਪੱਲੇ।

ਹਰ ਵੇਲੇ ਇਹ ਸੂਲ ਕਲੇਜੇ ਅੰਦਰ ਧਸਦੀ ਜਾਵੇ,
ਪੁੱਤ ਪੋਤਰੇ ਦੱਸਦੇ ਹੀ ਨਹੀਂ, ਆਏ ਕਿੱਥੋ ਚੱਲੇ।

ਘਰ ਬਨਵਾਸੀ, ਅਜਬ ਉਦਾਸੀ, ਮਨ ਮੰਦਰ ਦੇ ਵਿਹੜੇ,
ਇਕਲਾਪੇ ਦੀ ਲੜੇ ਦੋਮੂੰਹੀਂ, ਚੜ੍ਹ ਚੜ੍ਹ ਕਰਦੀ ਹੱਲੇ।

ਸਭ ਕੁਝ ਹੁੰਦਿਆਂ ਸੁੰਦਿਆਂ ਏਥੇ, ਹਰ ਪਲ ਝੋਰਾ ਖਾਵੇ,
ਚਾਅ ਤੇ ਖੁਸ਼ੀਆਂ ਚੱਟ ਗਏ ਨੇ ਰੂਹ ਦੇ ਰੋਗ ਅਵੱਲੇ।

ਪਿੰਡ ਗਿਆਂ ਤੇ ਕੌਣ ਪਛਾਣੇ, ਨਾ ਚਾਚਾ ਨਾ ਤਾਇਆ,
ਚੌਂਕ ਚੁਰਸਤੇ, ਗਲੀਆਂ ਕੂਚੇ, ਸ਼ੀਹਾਂ ਪੱਤਣ ਮੱਲੇ।

ਰੂਹ ਨੂੰ ਨਹੀਂ ਤਸੱਲੀ ਦੇਦੇ ਸੋਨਾ, ਹੀਰੇ, ਮੋਤੀ,
ਦੇਂਦੇ ਸੀ ਆਪ ਬਣਾਏ ਘਾਹ ਦੀ ਤਿੜ ਦੇ ਛੱਲੇ।

ਗੋਰੀ ਧਰਤੀ, ਕੋਰੇ ਰਿਸ਼ਤੇ, ਰੀਝ ਦਿਲੋਂ ਵਿਚ ਇੱਕੋ,
ਪੁੱਤਰ ਸਾਡਾ ਅਸਥ ਅਖ਼ੀਰੀ, ਕੀਰਤਪੁਰ ਨੂੰ ਘੱਲੇ।

ਮੋਰ ਪੰਖ/30