ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਅੰਬਰ ਦੇ ਵਿਚ ਤਾਰੀ ਲਾਉਂਦਿਆਂ ਧਰਤ ਆਵਾਜ਼ਾਂ ਮਾਰਦੀ।
ਨਜ਼ਰ ਸਦਾ ਬੋਟਾਂ ਵੱਲ ਰਹਿੰਦੀ, ਪਰ ਕੂੰਜਾਂ ਦੀ ਡਾਰ ਦੀ।

ਧਰਤ ਪਰਾਈ ਤੇ ਵੱਸਦੇ ਮਨ, ਦੋ ਦੋ ਫਾੜੀ ਹੋਏ ਨੇ,
ਮਹੀਂਵਾਲਾਂ ਨੂੰ ਭੁੱਲਦੀ ਹੀ ਨਾ ਸੋਹਣੀ ਨਦੀਓਂ ਪਾਰ ਦੀ।

ਸੁਪਨੇ ਰੀਝਾਂ ਅਤੇ ਤਰੰਗਾਂ, ਟੁਕੜੇ ਟੁਕੜੇ ਆਸਾਂ ਨੇ,
ਸ਼ਾਮ ਸਵੇਰੇ ਚੀਰੀ ਜਾਵੇ, ਤੇਜ਼ ਧਾਰ ਤਲਵਾਰ ਦੀ।

ਵਤਨਾਂ ਦੀ ਮਿੱਟੀ ਸੈਗ ਹੁਣ ਤਾਂ ਰਿਸ਼ਤਾ ਕੇਵਲ ਏਨਾ ਹੈ,
ਸੌਦੇ ਨਾਲ ਜਿਵੇਂ ਘਰ ਆਵੇ, ਇਕ ਕਾਤਰ ਅਖ਼ਬਾਰ ਦੀ।

ਹੱਡ ਮਾਸ ਦੇ ਬੈਦੇ ਦਾ ਤਾਂ ਵਜ਼ਨ ਮਸ਼ੀਨਾਂ ਤੋਲਦੀਆਂ,
ਅਜੇ ਮਸ਼ੀਨ ਬਣੀ ਨਾ ਕੋਈ, ਰੂਹ ਦੇ ਉਤਲੇ ਭਾਰ ਦੀ।

ਪਾਣੀ ਮੰਨ ਕੇ ਭਰਮ ਜਲੀ ਨੂੰ, ਮਿਰਗ ਪਿਆਸੇ ਬਹੁਤ ਮਰੇ,
ਲਿਸ਼ਕਣਹਾਰ ਬਰੇਤੀ ਬੀਬਾ, ਬੇੜੀਆਂ ਨਹੀਓ ਤਾਰਦੀ।

ਤਖ਼ਤ ਲਾਹੌਰ ਅਜੇ ਵੀ ਸੂਲੀ ਟੰਗੇ ਪੁੱਤਰ ਦੁੱਲਿਆਂ ਨੂੰ,
ਸਦੀਆਂ ਮਗਰੋਂ ਅੱਜ ਵੀ ਤਪਦੀ ਧਰਤੀ ਸਾਂਦਲ ਬਾਰ ਦੀ।

ਮੋਰ ਪੰਖ / 29