ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ
ਜਗਦੀਸ਼ ਤੇ ਕੁਲਦੀਪ ਧਾਲੀਵਾਲ ਦੇ ਨਾਂ

ਧਰਤ ਬੇਗਾਨੀ, ਕੋਈ ਨਾ ਮੈਨੂੰ, ਲੈ ਕੇ ਨਾਮ ਬੁਲਾਵੇ।
ਏਸੇ ਕਰਕੇ ਮਨ ਦਾ ਚੰਬਾ, ਖਿੜੇ ਨਹੀਂ, ਮੁਰਝਾਵੇ ।

ਰੇਸ ਕੋਰਸੀਂ ਸਰਪੱਟ ਦੌੜਨ, ਅੱਥਰੇ ਘੌੜੇ ਵੇਖੋ,
ਥੈਲੀ ਸ਼ਾਹ ਕਿਉਂ ਜੇਤੂ ਬਣਦੇ, ਜਦੋਂ ਨਤੀਜਾ ਆਵੇ।

ਪਿੰਡ ਜਾ ਕੇ ਚੰਨ ਚੜ੍ਹਿਆ, ਕੋਠੇ ਬਹਿ ਕੇ ਤੱਕਣਾ ਚਾਹਾਂ,
ਪਤਾ ਨਹੀਂ ਕਦ ਘੜੀ ਸੁਲੱਖਣੀ ਮੇਰੇ ਭਾਗੀਂ ਆਵੇ ।

ਵੰਨ ਸੁਵੰਨੇ ਬਿਰਖ ਬਰੂਟੇ, ਫੁੱਲ ਪੱਤੀਆਂ ਖ਼ੁਸ਼ਬੋਈਆਂ,
ਸਭ ਕੁਝ ਹੁੰਦਿਆਂ ਸੁੰਦਿਆਂ, ਚੇਤੇ ਆਉਂਦੇ ਨੇ ਅੰਬ ਸਾਵੇ।

ਕੱਲ-ਮੁ-ਕੱਲ੍ਹੇ ਚੂੜੇ ਡੁਸਕਣ, ਸੱਖਣੇ ਪਲੰਘ ਪੰਘੂੜੇ,
ਕਿਸ਼ਤਾਂ ਵਿਚ ਤਕਸੀਮ ਦਿਹਾੜੀ ਨੀਂਦ ਕਿਸ ਤਰ੍ਹਾਂ ਆਵੇ।

ਤੁਸੀਂ ਕਹੋਗੇ “ਮਨ ਦਾ ਰੋਗੀ” ਪਤਾ ਨਹੀਂ ਕੀ ਬੋਲੇ,
ਐਪਰ ਕਰਕ ਕਲੋਜੇ ਵਾਲੀ ਕਿਹੜਾ ਵੈਦ ਸੁਣਾਵੇ।

ਮੋਰ ਪੰਖ /28