ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਉਦੋਂ ਤੀਕਰ ਨਹੀਂ ਸੌਣਾ ਜਦੋਂ ਤੱਕ ਰਾਤ ਬਾਕੀ ਹੈ।
ਸ਼ਹੀਦਾਂ ਦੇ ਲਹੂ ਦੀ ਸੁਣ ਲਵੋ ਇਹ ਬਾਤ ਬਾਕੀ ਹੈ।

ਨਹੀਂ ਹੋਣਾ ਕਦੇ ਨੀਵਾਂ ਇਹ ਪਰਚਮ ਹੱਕ ਤੇ ਸੱਚ ਦਾ,
ਜਦੋਂ ਤੱਕ ਧਰਤ ਉੱਤੇ ਇਕ ਵੀ ਸੁਕਰਾਤ ਬਾਕੀ ਹੈ।

ਹਨੇਰਾ ਇਹ ਡਰਾਉਣਾ ਤਾਂ, ਹੈ ਕੁਝ ਪਲ ਦਾ ਪ੍ਰਾਹੁਣਾ ਹੀ,
ਇਹਦੀ ਬੁੱਕਲ ’ਚੋਂ ਆਪਾਂ ਲੱਭਣੀ ਪ੍ਰਭਾਤ ਬਾਕੀ ਹੈ।

ਲੰਮੇਰੇ ਯੁੱਧ ਅੰਦਰ ਯਾਦ ਰੱਖਣਾ ਹੈ ਜ਼ਰੂਰੀ ਇਹ,
ਸਦੀਵੀ ਜਿੱਤ ਖ਼ਾਤਰ ਦੁਸ਼ਮਣਾਂ ਨੂੰ ਮਾਤ ਬਾਕੀ ਹੈ।

ਉਦੋਂ ਤੱਕ ਸੂਲੀਆਂ ਤੇ ਸੱਚ ਖ਼ਾਤਰ ਲਟਕਣਾ ਪੈਣੈ,
ਜਦੋਂ ਤੱਕ ਧਰਤ ਉੱਤੇ ਕਾਤਲਾਂ ਦੀ ਜ਼ਾਤ ਬਾਕੀ ਹੈ।

ਹਰੇ ਘਰ ’ਚ ਜਨਮੇ ਨੂਰ ਲਈ ਸਦੀਆਂ ਤੋਂ ਤਰਸੇ ਜੋ,
ਉਨ੍ਹਾਂ ਨੂੰ ਜ਼ਿੰਦਗੀ ਦੀ ਜੀਣ ਜੋਗੀ ਝਾਤ ਬਾਕੀ ਹੈ।

ਅਸਾਡੇ ਪੁਰਖਿਆਂ ਨੂੰ ਫਾਂਸੀਆਂ ਤੇ ਸੂਲੀਆਂ ਮਿਲੀਆਂ,
ਤੇਰੀ ਝੋਲੀ 'ਚ ਦੱਸੀਂ ਹੋਰ ਕੀਹ ਖ਼ੈਰਾਤ ਬਾਕੀ ਹੈ।

ਮੋਰ ਪੰਖ /36