ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਤੇਰਾ ਰੁੱਸ ਕੇ ਜਾਣਾ ਕੀ ਕੁਝ ਕਰ ਜਾਂਦਾ ਹੈ।
ਮੇਰੇ ਚਾਰ ਚੁਫੇਰੇ ’ਨ੍ਹੇਰਾ ਭਰ ਜਾਂਦਾ ਹੈ।

ਤੇਰੇ ਮਗਰੋ ਮੋਰੀ ਹਾਲਤ ਹੋਈ ਜੀਕਣ,
ਫੁੱਲ ਡੋਡੀ ਅੰਗਿਆਰ ਤੇ ਕੋਈ ਧਰ ਜਾਂਦਾ ਹੈ।

ਸ਼ਾਹ ਰਗ ਤੋਂ ਵੀ ਨੇੜੇ ਵਾਲੇ ਜਦ ਮੂੰਹ ਮੋੜਨ,
ਅਪਣੇ ਸਾਹ ਹੀ ਗਿਣਦਾ ਬੰਦਾ ਮਰ ਜਾਂਦਾ ਹੈ।

ਧਰਤ ਤਰੇੜਾਂ ਮਾਰੀ ਵਾਂਗੂੰ ਸਹਿਕ ਰਿਹਾ ਹਾਂ,
ਰੋਜ਼ ਸਮੁੰਦਰ ਉੱਤੇ ਬੱਦਲ ਵਰ੍ਹ ਜਾਂਦਾ ਹੈ।

ਮੇਰੇ ਦਿਲ ਦੀ ਧੜਕਣ ਤੇਰੇ ਸਾਹੀਂ ਜੀਵੇ,
ਲੱਕੜੀ ਨਾਲ ਹਮੇਸ਼ਾਂ ਲੋਹਾ ਤਰ ਜਾਂਦਾ ਹੈ।

ਵਰ੍ਹੇ ਛਿਮਾਹੀ ਕਦੇ ਕਦਾਈਂ ਮਿਲ ਜਾਇਆ ਕਰ,
ਮਨ ਦਾ ਸੱਖਣਾ ਭਾਂਡਾ ਏਦਾਂ ਭਰ ਜਾਂਦਾ ਹੈ।

ਧੋੜਾਂ ਵਿਚੋਂ ਤੇਰੇ ਨਕਸ਼ ਨਿਹਾਰ ਰਿਹਾ ਹਾਂ,
ਜਿਹੜਾ ਰਸਤਾ ਸਿੱਧਾ ਤੇਰੇ ਘਰ ਜਾਂਦਾ ਹੈ।

ਮੋਰ ਪੰਖ /37