ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਰਾਤ ਹਨ੍ਹੇਰੀ, ਠੱਕਾ ਵਗਦਾ, ਦੀਵੇ ਲਾਟਾਂ ਡੋਲਦੀਆਂ।
ਅੱਖਾਂ ਵਿਚੋਂ ਖ੍ਵਾਬ ਗੁਆ ਕੇ, ਹੁਣ ਇਹ ਕਿਸ ਨੂੰ ਟੋਲਦੀਆਂ?

ਜਿਹੜੀ ਥਾਂ ਤੋਂ ਮੇਰੀ ਮੂਰਤ ਲਾਹ ਕੇ ਤੂੰ ਖ਼ੁਸ਼ ਹੋਈ ਸੈਂ,
ਓਸੇ ਥਾਂ ਤੋਂ ਖਾਲੀ ਕੰਧਾਂ, ਸੁਣ ਤੂੰ ਕੀ ਕੁਝ ਬੋਲਦੀਆਂ ?

ਜਿਸਮ ਗੁਆਚਾ, ਰੂਹ ਵੀ ਦਾਗ਼ੀ, ਨਜ਼ਰਾਂ ਅੰਦਰ ਖੋਟ ਭਰੀ,
ਕਿੱਦਾਂ ਚੁੱਕੀ ਫਿਰਦੀ ਏਂ, ਤਸਵੀਰਾਂ ਆਪਣੇ ਢੋਲ ਦੀਆਂ।

ਫੁੱਲ ਮੋਤੀਆ, ਚਿੱਟੇ ਵਸਤਰ ਰੂਹ ਤੇਰੀ ਬੇਚੈਨ ਕਿਉਂ,
ਜਿਉਂ ਆਵਾਜ਼ਾਂ ਢੋਲ ਦੇ ਅੰਦਰੇਂ, ਆਵਣ ਉਸਦੇ ਪੋਲ ਦੀਆਂ।

ਜ਼ਰਦ ਵਸਾਰ ਜਿਹਾ ਰੈਗ ਤੇਰਾ, ਦੱਸਦੈ ਅੰਦਰੋਂ ਸੱਖਣੀ ਏਂ,
ਰੂਹ ਦਾ ਭਾਰ ਕਦੇ ਵੀ ਬੀਬਾ, ਤੱਕੜੀਆਂ ਨਹੀਂ ਤੋਲਦੀਆਂ।

ਅਪਣੀ ਬੁੱਕਲ ਅੰਦਰ ਝਾਕੀਂ, ਵੇਖੀਂ ਮਨ ਦੇ ਸ਼ੀਸ਼ੇ ਨੂੰ,
ਚਿੰਤਾ ਚਿਖ਼ਾ ਬਰਾਬਰ ਬਹਿ ਕੇ, ਕੱਠੀਆਂ ਦੁੱਖ ਸੁਖ ਫੋਲਦੀਆਂ।

ਤੇਜ ਤੁਰਨ ਦੀ ਆਦਤ ਤੇਰੀ, ਰੂਹ ਨੂੰ ਅਕਸਰ ਡੰਗ ਜਾਵੇ।
ਤੂੰ ਕਾਹਲੀ ਵਿਚ ਕਦੇ ਨਾ ਵੇਖੇਂ, ਵਸਤਾਂ ਅਪਣੇ ਕੋਲ ਦੀਆਂ।

ਤੇਜ਼ ਧੜਕਣਾਂ ਤੇਰੇ ਦਿਲ ਦੀ ਇੱਚੀ ਬਿੱਚੀ ਜਾਣਦੀਆਂ,
ਸਮਝੀ ਨਾ ਅਣਜਾਣ ਇਨ੍ਹਾਂ ਨੂੰ, ਜੇ ਨਹੀਂ ਮੂਹੋਂ ਬੋਲਦੀਆਂ।

ਭਰ ਵਗਦੇ ਦਰਿਆ ਦੇ ਕੰਢੇ ਬੈਠ ਕਦੇ ਤੂੰ ਸਹਿਜ ਮਤੇ,
ਵੇਖੀਂ ਕਲਵਲ ਜਲ ਦੀਆਂ ਲਹਿਰਾਂ, ਸਾਹੀਂ ਸੈਦਲ ਘੋਲਦੀਆਂ।

ਮੋਰ ਪੰਖ /38