ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਜ਼ਲ

ਸੁਣ ਰਿਹਾ ਹਾਂ ਗੀਤ ਵਿਚ ਸੁਰ-ਤਾਲ ਤੇਰੇ।
ਮੈਂ ਬਰਾਬਰ ਤੁਰ ਰਿਹਾ ਹਾਂ ਨਾਲ ਤੇਰੇ।

ਕਿਉਂ ਤੇਰੇ ਬੋਲਾਂ 'ਚੋਂ ਜਾਵੇ ਕੰਬਣੀ ਨਾ,
ਮੈਂ ਖਲੋਤਾ ਹਾਂ ਜਦੋਂ ਹੁਣ ਨਾਲ ਤੇਰੇ।

ਤੂੰ ਚਿਰਾਗਾਂ ਨੂੰ ਬੁਝਾ ਕੇ ਖ਼ੁਸ਼ ਜੇ ਹੋਇਓਂ,
ਉਮਰ ਭਰ ਰਹਿਣੈਂ ਹਨ੍ਹੇਰਾ ਨਾਲ ਤੇਰੇ।

ਜਾਗਣਾ ਪੈਣੈਂ ਨਿਰੰਤਰ, ਜੇ ਤੂੰ ਚਾਹੁੰਨੈਂ,
ਚੰਨ ਤੇ ਸੂਰਜ ਵੀ ਚਮਕਣ ਨਾਲ ਤੇਰੇ।

ਆਪਣੇ ਤੂੰ ਸਫ਼ਰ ਦਾ ਲੇਖਾ ਕਰੀ ਜਾਹ,
ਵਕਤ ਨੇ ਗਿਣਨੇ ਨਹੀਂ ਇਹ ਸਾਲ ਤੇਰੇ।

ਗੌਰ ਕਰਕੇ ਵੇਖ ਖ਼ੁਦ ਤੋਂ ਦੂਰ ਹੋ ਕੇ,
ਤੁਰ ਰਿਹਾ ਹੈ ਜਿਸਮ ਵੀ ਕੀਹ ਨਾਲ ਤੇਰੇ?

ਖ਼ੁਦ ਹੀ ਖ਼ੁਦ ਦੇ ਨਾਲ ਵੀ ਕਿਉਂ ਝੂਠ ਬੋਲੇ,
ਕਿੰਜ ਸੁਧਰਨਗੇ ਭਲਾ ਦੱਸ ਹਾਲ ਤੇਰੇ।

ਮੋਰ ਪੰਖ /47