ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਜ਼ਲ

ਇੱਕ ਦੋ ਕਦਮ ਤੁਰਨ ਤੋਂ ਜਿਹੜਾ ਡਰਦਾ ਹੈ।
ਤੇਰੇ ਸਾਹੀਂ ਸੱਤ ਸਮੁੰਦਰ ਤਰਦਾ ਹੈ।

ਹੱਕ, ਸੱਚ, ਇਨਸਾਫ਼, ਸ਼ਹਾਦਤ ਅੰਤ ਪੜਾਅ,
ਨਾਲ ਬੀਮਾਰੀ ਕਦੋਂ ਬਹਾਦਰ ਮਰਦਾ ਹੈ।

ਖੇਡ ਅਨਾਰ ਅਗਨ ਦੇ ਫੜ ਕੇ ਰਾਤ ਦਿਨੇ,
ਜੇ ਤੇਰਾ ਚਿੱਤ ਜੁਗਨੂੰ ਕੋਲੋਂ ਡਰਦਾ ਹੈ।

ਦੋਸ਼ ਨਣਦ ਨੂੰ ਸੋਹਣੀ ਦੇਵੇ ਸੌ ਵਾਰੀ,
ਬਿਨ ਵਿਸ਼ਵਾਸ਼ਾਂ ਘੜਾ ਝਨਾਂ ਵਿਚ ਖਰਦਾ ਹੈ।

ਸੋਨੇ ਦੇ ਪਿੰਜਰੇ ਵਿਚ ਹਰ ਪਰਦੇਸੀ ਜੀਅ,
ਅਪਣੇ ਪਿੰਡ ਦੀ ਮਿੱਟੀ ਚੇਤੇ ਕਰਦਾ ਹੈ।

ਆਲਮਗੀਰ ਕਹਾਉਂਦਾ ਹੋਇਆ ਬੰਦਾ ਵੀ,
ਆਖ਼ਰ ਅਪਣੀ ਨਜ਼ਰੋਂ ਡਿੱਗ ਕੇ ਮਰਦਾ ਹੈ।

ਮੇਰਾ ਮੁੱਲ ਦਵਾਨੀ ਵੀ ਨਹੀਂ, ਬਿਨ ਤੇਰੇ,
ਤੇਰੇ ਕੋਲੋਂ ਕਿਹੜੀ ਗੱਲ ਦਾ ਪਰਦਾ ਹੈ।

ਮੋਰ ਪੰਖ/ 46