ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਲੰਮ ਸਲੰਮੀਆਂ ਸੜਕਾਂ ਉੱਤੇ, ਪੈੜਾਂ ਪਿਛਲੇ ਪਹਿਰ ਦੀਆਂ।
ਜਿਉਂ ਉਸਤਾਦ ਧਰਤ ਤੇ ਲਿਖੀਆਂ, ਗ਼ਜ਼ਲਾਂ ਲੰਮੀ ਬਹਿਰ ਦੀਆਂ।

ਚੰਨ ਚਾਨਣੀ ਰਾਤ ਸਮੁੰਦਰ ਬੜੇ ਉਛਾਲੇ ਖਾਂਦਾ ਹੈ,
ਕੋਈ ਨਾ ਸੁਣਦਾ ਦਰਦ ਕਹਾਣੀਆਂ, ਪਾਣੀ ਉਤਲੀ ਲਹਿਰ ਦੀਆਂ।

ਦਿਲ ਦੇ ਬੂਹੇ ਤੋਂ ਮੁੜ ਗਈਆਂ, ਜਦੋਂ ਹੁੰਗਾਰਾ ਮਿਲਿਆ ਨਾ,
ਬੇਕਦਰਾਂ ਦੇ ਵਿਹੜੇ ਅੰਦਰ ਰੀਝਾਂ ਵੀ ਨਹੀਂ ਠਹਿਰਦੀਆਂ।

ਖੌਫ਼ ਮਨਾਂ ਦਾ ਵੇਖੋ ਯਾਰੋ, ਕਿੱਥੋਂ ਤੱਕ ਆ ਪਹੁੰ ਚਾ ਹੈ,
ਅੰਦਰੋਂ ਕੁੰਡੀ ਲਾ ਕੇ ਸੌਂਦੀਆਂ, ਗਲੀਆਂ ਮੇਰੇ ਸ਼ਹਿਰ ਦੀਆਂ।

ਮੇਰੇ ਵਿਚਲਾ ਰਾਵਣ ਮੈਥੋਂ ਏਸੇ ਕਰਕੇ ਮਰਦਾ ਨਹੀਂ,
ਉਹ ਵੀ ਜਾਣ ਗਿਆ ਏ ਬਾਤਾਂ, ਮੇਰੇ ਕੀਤੇ ਕਹਿਰ ਦੀਆਂ।

ਜਨਮ ਘੜੀ ਤੋਂ ਅੱਜ ਤੀਕਣ ਮੈਂ, ਅੰਮ੍ਰਿਤ ਚਖ ਕੇ ਵੇਖਿਆ ਨਹੀਂ,
ਮੈਨੂੰ ਮਾਰ ਮੁਕਾਉਣਗੀਆਂ ਕਿੰਜ, ਇੱਕ ਦੋ ਘੁੱਟਾਂ ਜ਼ਹਿਰ ਦੀਆਂ।

ਬੋਹੜਾਂ ਪਿੱਪਲਾਂ ਵਰਗੇ ਬਾਬੇ, ਬੁੱਝ ਲੈਂਦੇ ਸਨ ਵੇਖਦਿਆਂ,
ਸੁਰਮੇ ਰੰਗੀ ਬਦਲੋਟੀ 'ਚੋਂ, ਚਾਲਾਂ ਅੰਬਰੀ ਗਹਿਰ ਦੀਆਂ।

ਮੋਰ ਪੰਖ /58