ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਗ਼ਜ਼ਲ

ਰਾਏ ਅਜ਼ੀਜ਼ ਉੱਲ੍ਹਾ ਖਾਂ ਸਾਹਿਬ ਲਈ

ਅੱਧੀ ਰਾਤੀਂ ਜਾਗ ਕੇ, ਮੈਨੂੰ 'ਵਾਜਾਂ ਮਾਰਦੇ।
ਸੁਪਨੇ ਜਿਉਂ ਹਿਰਨੋਟੜੇ, ਦੁੱਲੇ ਵਾਲੀ ਬਾਰ ਦੇ।

ਬਾਬਰ ਜਾਬਰ ਮਰ ਗਿਆ, ਜਹਾਂਗੀਰ ਕੀਹ ਕਰ ਗਿਆ,
ਜ਼ਾਲਮ ਔਰੰਗਜ਼ੇਬ ਤੋਂ, ਆਪਾਂ ਤਾਂ ਨਹੀਂ ਹਾਰਦੇ।

ਉਸਨੂੰ ਕੋਈ ਨਾ ਮਾਰਦਾ, ਆਪੇ ਜਾਵੇ ਹਾਰਦਾ,
ਜਿਹੜਾ ਬੰਦਾ ਦੱਬਿਆ, ਥੱਲੇ ਰੂਹ ਦੇ ਭਾਰ ਦੇ।

ਜਾਪਣ 'ਵਾਜਾਂ ਮਾਰਦੇ, ਬਾਬੇ ਦਾਦੇ ਵਾਂਗਰਾਂ,
ਬਿਰਖ ਬਰੂਟੇ ਵੇਖਦਾਂ, ਜਦ ਵੀ ਰਾਵੀ ਪਾਰ ਦੇ।

ਮਨ ਦੇ ਬੇਲੇ ਰੇਸ਼ਮਾਂ, ਸਾਹੀਂ ਸ਼ੌਕਤ ਮਹਿਕਦਾ,
ਬੋਲ ਮਲੰਗੀ ਵਾਲੜੇ, ਰੂਹ ਮੇਰੀ ਨੂੰ ਠਾਰਦੇ।

ਪਾਰ ਝਨਾਓਂ ਰਹਿੰਦੀਆਂ, ਹੀਰਾਂ ਰੋ ਰੋ ਕਹਿੰਦੀਆਂ,
ਦਿਲ ਦੇ ਜਾਨੀ ਰਾਂਝਣੇ, ਹੁਣ ਕਿਉਂ ਜਾਨੋਂ ਮਾਰਦੇ।

ਇੰਟਰਨੈੱਟ ਨਾ ਜਾਣਦੇ, ਨਾ ਇਹ ਫ਼ੋਨ ਪਛਾਣਦੇ,
ਆਉਂਦੇ ਪਾਰ ਸਮੁੰਦਰੋਂ, ਪੰਛੀ ਵੇਖੋ ਡਾਰ ਦੇ।

ਮੋਰ ਪੰਖ /57