ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਗ਼ਜ਼ਲ

ਅਪਣੀ ਛਾਂ ਵਿਚ ਉਲਝਿਆ, ਹੋਇਆ ਵੇਖੋ ਕਹਿਰ।
ਮਰਿਆ ਕੁੰਡੀ ਮਾਰ ਕੇ, ਖਾ ਕੇ ਮਨ ਦਾ ਜ਼ਹਿਰ।

ਵਾਹੋਦਾਹੀ ਦੌੜਦੇ ਸਰਪਟ ਦਿਨ ਤੇ ਰਾਤ,
ਕਿੱਥੋਂ ਕਿੱਧਰ ਜਾ ਰਿਹਾ, ਅੰਨ੍ਹਾ ਬੋਲ਼ਾ ਸ਼ਹਿਰ।

ਕੰਢੇ ਕੋਈ ਬਿਰਖ ਨਾ, ਸੜਕਾਂ ਸਾਹੋ ਸਾਹ,
ਵਰ੍ਹਦੀ ਅਗਨੀ ਅੰਬਰੋਂ, ਸਿਰ ਤੇ ਸਿਖ਼ਰ ਦੁਪਹਿਰ।

ਵੇਖ ਸਮੁੰਦਰ ਖ਼ੌਲਦਾ, ਰੱਖੇ ਪਰ੍ਹਾਂ ਧਿਆਨ,
ਪਰਤੇ ਪੱਥਰ ਚੱਟ ਕੇ ਪਾਣੀ ਉਤਲੀ ਲਹਿਰ।

ਸਾਏ ਲੰਮ ਸਲੰਮੜੇ, ਸਮਝ ਭੁਲੇਖੇ ਵਾਂਗ,
ਦਿਨ ਜਾਂਦਾ ਸਮਝਾ ਗਿਆ, ਮੈਨੂੰ ਪਿਛਲੇ ਪਹਿਰ।

ਅੰਦਰ ਵੱਲ ਨੂੰ ਅੱਥਰੂ, ਡਿੱਗਣ ਜਦੋਂ ਹਜ਼ੂਰ,
ਖ਼ੁਦ ਅੱਖਾਂ ਸਮਝਾਉਂਦੀਆਂ, ਮਨ ਅੰਦਰਲੀ ਗਹਿਰ।

ਤੂੰ ਸ਼ਬਦਾਂ ਨੂੰ ਤੋੜ ਨਾ, ਅਰਥਾਂ ਤੋਂ ਨਾ ਹੋੜ,
ਕੋਲੋਂ ਕੁਝ ਵੀ ਜੋੜ ਨਾ, ਸੱਚ ਦੀ ਇੱਕੋ ਬਹਿਰ।

ਮੋਰ ਪੰਖ /56