ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਕਰਕ ਕਲੇਜੇ ਵਾਲੀ ਇਹ ਸਭ ਜਾਣਦੀਆਂ।
ਸੋਚਾਂ ਤਾਹੀਓਂ ਚੁੱਪ ਦੇ ਤੰਬੂ ਤਾਣਦੀਆਂ।

ਉੱਚੀ ਉੱਚੀ ਟਾਹਰਾਂ ਮਾਰਾਂ ਮਰਿਆਂ ਨੂੰ,
ਕਬਰਾਂ ਵੀ ਨਹੀਂ ਮੇਰੀ 'ਵਾਜ ਪਛਾਣਦੀਆਂ।

ਬਚਪਨ ਗਲੀ-ਮੁਹੱਲੇ ਅੰਦਰ ਵੜਦਾਂ ਜਦ,
ਘੇਰ ਖਲੋਵਣ ਕੁੜੀਆਂ ਚਿੜੀਆਂ ਹਾਣ ਦੀਆਂ।

ਖੜ੍ਹਾ ਖਲੋਤਾ ਰਾਂਝਣ ਯਾਰ ਵਿਸਾਰਨ ਜੋ,
ਉਹ ਹੀਰਾਂ ਨਹੀਂ ਕਦੇ ਜਵਾਨੀ ਮਾਣਦੀਆਂ।

ਸ਼ਹਿਰ ਸਮੁੰਦਰ ਖਾਰਾ ਪਾਣੀ ਪੀਂਦੇ ਹਾਂ,
ਆ ਗਈਆਂ ਨੇ ਜਾਚਾਂ ਮਹੁਰਾ ਖਾਣ ਦੀਆਂ।

ਹੋਰ ਘੜੀ ਪਲ ਬਹਿ ਜਾ, ਕਹਿ ਜਾ ਇੱਕ ਅੱਧ ਬੋਲ,
ਆਉਣ ਸਾਰ ਹੀ ਗੱਲਾਂ ਕਰਦੈ ਜਾਣ ਦੀਆਂ।

ਕੱਲ੍ਹੀ ਕਾਰੀ ਕੁੜੀ ਖੇਤ ਨੂੰ ਤਾਂ ਤੁਰਦੀ,
ਨਾਲ ਤੁਰਦੀਆਂ ਪੈੜਾਂ ਜੇ ਸ੍ਵੈਮਾਣ ਦੀਆਂ।

ਮੋਰ ਪੰਖ /55