ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਲਗਾਇਆ ਜ਼ੋਰ ਨ੍ਹੇਰੀ ਨੇ ਬਥੇਰਾ।
ਅਜੇ ਵੀ ਆਣਾ ਕਾਇਮ ਹੈ ਮੇਰਾ।

ਇਹ ਸ਼ੀਸ਼ਾ ਸਿਰਫ਼ ਚਿਹਰਾ ਜਾਣਦਾ ਹੈ,
ਨਹੀਂ ਪੜ੍ਹ ਸਕਣ ਲੱਗਾ ਮਨ ਇਹ ਮੇਰਾ।

ਤੂੰ ਮੈਥੋਂ ਦੂਰ ਭਾਵੇਂ ਹੋਰ ਹੋ ਜਾ,
ਗੁਆਈਂ ਨਾ ਕਦੇ ਵਿਸ਼ਵਾਸ ਮੇਰਾ।

ਉਡਾਰੀ ਮਾਰ ਗਏ ਨੇ ਖਾ ਕੇ ਚੂਰੀ,
ਬਿਨਾਂ ਕਾਵਾਂ ਦੇ ਸੁੰਨਾ ਹੈ ਬਨੇਰਾ।

ਹਵਾ ਵਿਚ ਬੇਵਿਸਾਹੀ ਘੁਲ ਗਈ ਹੈ,
ਹੈ ਇਸ ਵਿਚ ਦੋਸ਼ ਸਾਡਾ ਵੀ ਬਥੇਰਾ।

ਇਹ ਦਿੱਲੀ ਨਗਰ ਵਰਮੀ ਵਾਂਗਰਾਂ ਹੈ,
ਪੁਰਾਣਾ ਏਸ ਥਾਂ ਨਾਗਾਂ ਦਾ ਡੇਰਾ।

ਹਨ੍ਹੇਰੀ ਰਾਤ ਦੀ ਬੁੱਕਲ 'ਚ ਮੈਂ ਹਾਂ,
ਮੇਰਾ ਹੀ ਨਾਮ ਹੈ ਚੜ੍ਹਦਾ ਸਵੇਰਾ।

ਮੋਰ ਪੰਖ /54