ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਡਾ. ਜਗਦੀਸ਼ ਤੇ ਡਾ. ਲਖਵਿੰਦਰ ਰੰਧਾਵਾ ਲਈ

ਥਲਾਂ ਵਿਚ ਭਰਮ ਜਲ ਜੋ ਦੁਰ ਦੇ ਨੇ।
ਭੁਲੇਖੇ ਸਭ ਨਜ਼ਰ ਦੇ, ਨੂਰ ਦੇ ਨੇ।

ਮੁਹੱਬਤ ਵਾਸਤੇ ਤਰਲੇ ਨੇ ਸਾਰੇ,
ਕਦੋਂ ਕਾਵਾਂ ਨੂੰ ਚੂਰੀ ਚੂਰਦੇ ਨੇ।

ਸਿਰਫ਼ ਵਿਸ਼ਵਾਸ ਦਰਿਆ ਪਾਰ ਜਾਵੇ,
ਨਿਕੰਮੇ ਬਹਿ ਕਿਨਾਰੇ ਝੂਰਦੇ ਨੇ।

ਕਿਉਂ ਮੈਂ ਦੋਸ਼ ਦੇਵਾਂ ਸ਼ੀਸ਼ਿਆਂ ਨੂੰ,
ਮੇਰੇ ਹੀ ਐਬ ਮੈਨੂੰ ਘੂਰਦੇ ਨੇ।

ਤੂੰ ਮੈਨੂੰ ਇਸ ਤਰ੍ਹਾਂ ਕਿਉਂ ਮਿਲ ਰਿਹਾ ਏਂ,
ਜਿਵੇਂ ਕੁਈ ਸਾਕ ਹੁੰਦੇ ਦੂਰ ਦੇ ਨੇ।

ਜਿੰਨ੍ਹਾਂ ਨੂੰ ਮਿਲਦਿਆਂ ਮੈਂ ਬਾਲ ਬਣ ਜਾਂ,
ਇਹ ਸਾਰੇ ਯਾਰ ਪਹਿਲੇ ਪੂਰ ਦੇ ਨੇ।

ਫ਼ਲਾਂ ਦੇ ਨਾਲ ਭਰ ਦੇਵੇਗਾ ਝੋਲੀ,
ਇਹ ਸਭ ਇਕਰਾਰਨਾਮੇ ਬੂਰ ਦੇ ਨੇ।

ਮੋਰ ਪੰਖ /53