ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਫਿਰਦੇ ਨੇ ਦਨਦਨਾਉਂਦੇ ਅੰਨ੍ਹੀ ਮਚਾਉਣ ਵਾਲੇ।
ਕਿੱਧਰ ਗਏ ਇਨ੍ਹਾਂ ਤੋਂ, ਮੁਕਤੀ ਦਿਵਾਉਣ ਵਾਲੇ।

ਦਹਿਲੀਜ਼ ਓਪਰੀ ਤੇ ਕਰਦੇ ਨੇ ਦੀਪ ਮਾਲਾ,
ਕੱਚੇ ਬਨੇਰਿਆਂ ਤੋਂ ਦੀਵੇ ਬੁਝਾਉਣ ਵਾਲੇ।

ਸਾਥੋਂ ਆਵਾਜ਼ ਲੈ ਕੇ, ਸਾਥੋਂ ਹੀ ਸ਼ਬਦ ਲੈ ਕੇ,
ਸਾਨੂੰ ਪਛਾਣਦੇ ਨਾ, ਇਹ ਗੀਤ ਗਾਉਣ ਵਾਲੇ।

ਚੁੰਧਿਆਈ ਨਿਗਾਹ ਵਾਲੇ, ਵੀਰਾਂ ਨੂੰ ਥਹੁ ਨਾ ਲੱਗੇ,
ਅੰਨ੍ਹੀ ਗਲੀ 'ਚ ਫਿਰਦੇ ਰਸਤਾ ਦਿਖਾਉਣ ਵਾਲੇ।

ਕਿੱਧਰ ਤੋਂ ਆ ਰਹੇ ਨੇ, ਕਿੱਧਰ ਨੂੰ ਜਾ ਰਹੇ ਨੇ,
ਦੱਸਦੇ ਨੇ ਕਾਫ਼ਲੇ ਨੂੰ, ਜੈਕਾਰੇ ਲਾਉਣ ਵਾਲੇ।

ਬਗਲੇ ਦੇ ਵੇਸ ਵਾਲੇ, ਅਮਨਾਂ ਦਾ ਦੇਣ ਹੋਕਾ,
ਵੱਸਦੇ ਘਰਾਂ ਨੂੰ ਏਥੇ ਮਕਤਲ ਬਣਾਉਣ ਵਾਲੇ।

ਕਰਦੇ ਹਾਰੀਆਂ ਨੇ ਬੇਗ਼ਮ ਦੇ ਮਹਿਲ ਅੰਦਰ,
ਲੋਕਾਂ ਨੂੰ ਭਰਮ ਪਾਉਂਦੇ ਬਾਗੀ ਕਹਾਉਣ ਵਾਲੇ।

ਮੋਰ ਪੰਖ /52