ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਮੁਹੱਬਤ ਦਾ ਕੋਈ ਵੀ ਨਾਂ ਨਹੀਂ ਹੁੰਦਾ।
ਜਿਵੇਂ ਖ਼ੁਸ਼ਬੂ ਦਾ ਕੋਈ ਥਾਂ ਨਹੀਂ ਹੁੰਦਾ।

ਨਵੇਂ ਘਰ ਔਖ ਨਾ ਮਹਿਸੂਸ ਹੋਵੇ,
ਮੈਂ ਤੇਰੇ ਸੁਪਨਿਆਂ ਵਿਚ ਤਾਂ ਨਹੀਂ ਹੁੰਦਾ।

ਜੇ ਮਮਤਾ ਦੀ ਕਣੀ ਅੱਖਾਂ 'ਚ ਹੈ ਨਹੀਂ,
ਅਜਿਹੇ ਬੁੱਤ ਦਾ ਨਾਂ ਮਾਂ ਨਹੀਂ ਹੁੰਦਾ।

ਨਿਰੰਤਰ ਤੁਰਨ ਦਾ ਆਦੀ ਹਾਂ ਚਿਰ ਤੋਂ,
ਇਸੇ ਕਰਕੇ ਮੈਂ ਇੱਕੋ ਥਾਂ ਨਹੀਂ ਹੁੰਦਾ।

ਮੈਂ ਖ਼ੁਦ ਵੀ ਬਿਰਖ ਇਕ ਹਰਿਆਵਲਾ ਹਾਂ,
ਕਦੇ ਵੀ ਮੈਂ ਕਿਸੇ ਦੀ ਛਾਂ ਨਹੀਂ ਹੁੰਦਾ।

ਤੂੰ ਮੇਰੀ ਚੁੱਪ ਨੂੰ ਵੀ ਸਮਝਿਆ ਕਰ,
ਜੇ ਨਾ ਬੋਲਾਂ ਤਾਂ ਮਤਲਬ ਨਾਂਹ ਨਹੀਂ ਹੁੰਦਾ।

ਮੇਰਾ ਵਿਰਸਾ ਹੈ ਤੁਰਦਾ ਨਾਲ ਮੇਰੇ,
ਮੇਰਾ ਮੱਥਾ ਇਸੇ ਲਈ 'ਠਾਂਹ ਨਹੀਂ ਹੁੰਦਾ।

ਮੋਰ ਪੰਖ /51