ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਬਲਵਿੰਦਰ ਕਾਹਲੋਂ ਤੇ ਮਨਧੀਰ ਵਾਸਤੇ

ਬਚਪਨ ਦੇ ਪਰਛਾਵੇਂ ਮੈਨੂੰ ਫੜਨੇ ਚੰਗੇ ਲੱਗਦੇ ਨੇ।
ਚੋਰੀ ਸਾਂਭ ਸੰਭਾਲੇ ਪੱਤਰ ਪੜ੍ਹਨੇ ਚੰਗੇ ਲੱਗਦੇ ਨੇ।

ਮੇਰੇ ਵਾਂਗ ਉਮਰ ਦੇ ਪੰਜਵੇਂ ਡੰਡੇ ਤੇ ਨੇ ਬੈਠੀਆਂ ਜੋ,
ਮੋਰਨੀਆਂ ਦੇ ਖੰਭੀਂ ਤਾਰੇ ਜਨੇ ਚੰਗੇ ਲੱਗਦੇ ਨੇ।

ਮੈਂ ਵਕਤਾਂ ਦਾ ਘਾੜਨਹਾਰਾ ਮੇਰੀ ਜ਼ਿੰਮੇਵਾਰੀ ਏ,
ਗ਼ਜ਼ਲਾਂ ਦੇ ਸ਼ਿਅਰਾਂ ਵਿਚ ਹੀਰੇ ਮੜ੍ਹਨੇ ਚੰਗੇ ਲੱਗਦੇ ਨੇ।

ਕਲਗੀ ਪੈਸਾ, ਪੌੜੀ, ਰੁਤਬੇ , ਏਨੇ ਮੇਰੇ ਪਾਸ ਨਹੀਂ,
ਏਸੇ ਕਰਕੇ ਪਰਬਤ ਪੈਰੀਂ ਚੜ੍ਹਨੇ ਚੰਗੇ ਲੱਗਦੇ ਨੇ।

ਨਿੱਕੀਆਂ ਨਿੱਕੀਆਂ ਜੰਗਾਂ ਛੇੜਾਂ, ਮੇਰਾ ਬਿਲਕੁਲ ਸ਼ੌਕ ਨਹੀਂ,
ਲੰਮੇ ਯੁੱਧ ਨਿਰੰਤਰ ਮੈਨੂੰ, ਲੜਨੇ ਚੰਗੇ ਲੱਗਦੇ ਨੇ।

ਰੰਗ ਬਰੰਗੇ ਪੈੱਨ-ਪੈਨਸਿਲਾਂ, ਸ਼ਾਨਾਂ ਭਾਵੇਂ ਮੇਜ਼ ਦੀਆਂ,
ਅਪਣੇ ਹੱਥੀਂ ਕਲਮਾਂ, ਕਾਨੇ ਘੜਨੇ ਚੰਗੇ ਲੱਗਦੇ ਨੇ।

ਮੇਰੇ ਅੰਦਰ ਬੈਠਾ ਬੱਚਾ, ਚਾਂਭਲਦੈ , ਜਦ ਵੇਖ ਲਵੇ,
ਰਾਤ ਦੇ ਕੇਸੀਂ ਜੁਗਨੂੰ ਇਸਨੂੰ ਅੜਨੇ ਚੰਗੇ ਲੱਗਦੇ ਨੇ।

ਮੋਰ ਪੰਖ /50