ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਆਸ ਬੇਗਾਨੀ ਤੇ ਜੇ ਰਹਿੰਦੇ, ਹੁਣ ਨੂੰ ਆਪਾਂ ਮਰ ਜਾਣਾ ਸੀ।
ਮਿੱਟੀ ਦਾ ਇਹ ਕੱਚਾ ਭਾਂਡਾ, ਕਣੀਆਂ ਦੇ ਵਿਚ ਖਰ ਜਾਣਾ ਸੀ।

ਭਾਵੇਂ ਕਹਿ ਸਮੁੰਦਰੋਂ ਡੂੰਘਾ, ਪਾਰ ਕਿਨਾਰਾ ਕਿਹੜੀ ਗੱਲ ਸੀ,
ਜੇਕਰ ਸਾਥ ਨਿਭਾਉਂਦੀ ਤਾਂ ਮੈਂ ਦਿਲ ਦਰਿਆ ਨੂੰ ਤਰ ਜਾਣਾ ਸੀ।

ਤੇਰੇ ਨਾਲ ਤੁਰਦਿਆਂ, ਤੈਨੂੰ ਕੀ ਦੱਸਾਂ ਮੈਂ ਖ਼ੁਸ਼ਬੂ ਜਹੀਏ,
ਦਿਲ ਦਾ ਖਾਲੀ ਕਾਸਾ ਮੇਰਾ, ਨਾਲ ਮੁਹੱਬਤ ਭਰ ਜਾਣਾ ਸੀ।

ਇਹ ਤਾਂ ਤੇਰੇ ਨਿੱਘ ਦਾ ਹੀ ਪ੍ਰਤਾਪ, ਧੜਕਣਾਂ ਧੜਕਦੀਆਂ ਨੇ,
ਨਹੀਂ ਤਾਂ ਹੁਣ ਨੂੰ ਇਹ ਦਿਲ ਮੇਰਾ, ਠਰਦਾ ਠਰਦਾ ਠਰ ਜਾਣਾ ਸੀ।

ਜੰਗਲੀ ਜੰਤ ਜਨੌਰਾਂ ਦੀ ਹੁਣ ਗਿਣਤੀ ਵਧੀ ਮੈਦਾਨਾਂ ਅੰਦਰ,
ਪਹਿਰਾ ਨਾ ਹੁੰਦਾ ਤਾਂ ਇਨ੍ਹਾਂ ਫ਼ਸਲਾਂ ਤਾਈਂ ਚਰ ਜਾਣਾ ਸੀ।

ਬਿਰਖਾਂ ਨਾਲ ਗੁਫ਼ਤਗੂ ਕਰਦੇ, ਬੀਤ ਰਹੇ ਨੇ ਦਿਨ ਤੇ ਰਾਤਾਂ,
ਬਾਤ ਮੁਕਾਏ ਬਿਨ ਦੱਸੋ ਮੈਂ, ਕਿਹੜੇ ਵੇਲੇ ਘਰ ਜਾਣਾ ਸੀ।

ਚਾਨਣ ਦੀ ਤਸਵੀਰ ਬਣੀ ਤੂੰ, ਨੇਰ੍ਹੇ ਵਿਚ ਲਕੀਰ ਬਣੀ ਤੂੰ,
ਜੇ ਤੂੰ ਮੇਰੇ ਨਾਲ ਨਾ ਹੁੰਦੀ, ਮੈਂ ਤਾਂ ਕੱਲ੍ਹਿਆਂ ਡਰ ਜਾਣਾ ਸੀ।

ਮੋਰ ਪੰਖ /60