ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਦੋ ਅੱਖਾਂ ਵਿਚ ਇੱਕੋ ਚਿਹਰਾ ਆਵੇ ਵਾਰੋ ਵਾਰ।
ਉਸ ਤੋਂ ਮਗਰੋਂ ਸੁਪਨਾ ਹੋਵੇ ਪੌਣਾਂ ਤੇ ਅਸਵਾਰ।

ਫੁੱਲ-ਪੱਤੀਆਂ ਵਿਚ ਰੰਗ ਤੇ ਖੁਸ਼ਬੂ, ਜੀਕੂੰ ਰਹਿਣ ਇਕੱਠੇ,
ਧੜਕਣ ਵਿਚ ਪਰੋ ਲੈ ਮੈਨੂੰ, ਦੋ ਸਾਹਾਂ ਵਿਚਕਾਰ।

ਜਾਂ ਹੰਨੇ ਜਾਂ ਬੰਨੇ ਹੋ ਜਾ, ਦੋਚਿੱਤੀ ਤੋਂ ਅੱਗੇ,
ਮਾਰ ਮੁਕਾਵੇਗੀ ਇਹ ਤੈਨੂੰ, ਦੋ ਧਾਰੀ ਤਲਵਾਰ!

ਬੋਟ ਬਣੇ ਹੁਣ ਸੁਪਨ ਪਰਿੰਦੇ, ਅੰਬਰ ਗਾਹੁਣਾ ਚਾਹੁੰਦੇ,
ਇਨ੍ਹਾਂ ਦੇ ਖੰਭਾਂ ਨੂੰ ਐਵੇਂ, ਗੰਢਾਂ ਨਾ ਤੂੰ ਮਾਰ।

ਜ਼ਿੰਦਗੀ ਮੌਤ ਵਿਚਾਲੇ ਅੰਤਰ, ਅੱਖ ਪਲਕਾਰੇ ਜਿੰਨਾ,
ਪੈਰਾਂ ਹੇਠ ਧਰਤ ਦੀ ਥਾਵੇਂ, ਕੱਸੀ ਹੋਈ ਤਾਰ।

ਵਿਚ ਕਲਾਵੇ ਸਰਬ-ਸ੍ਰਿਸ਼ਟੀ ਲੈ ਸਕਦੇ ਆਂ ਰਲ ਕੇ,
ਸਾਥ ਦਏਂ ਤਾਂ ਦੋ ਤੋਂ ਬਾਹਾਂ, ਹੋ ਜਾਵਣ ਫਿਰ ਚਾਰ।

ਮੇਰੇ ਨਾਲ ਬਰਾਬਰ ਤੁਰਦੀ, ਹੋਠਾਂ ਜੰਦਰੇ ਲਾਵੇਂ,
ਦਿਲ ਬੇਦੋਸ਼ੇ ਪੰਛੀ ਨੂੰ ਤੂੰ ਇਸ ਮੌਤੇ ਨਾ ਮਾਰ।

ਮੋਰ ਪੰਖ /61