ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ


ਵੀਰਵਾਰ ਨੂੰ ਜਗਦੇ ਦੀਵੇ , ਸਾਡੇ ਪਿੰਡ ਦਰਗਾਹਾਂ ਅੰਦਰ।
ਪਰ ਬਾਕੀ ਦਿਨ ਘੁੱਪ ਹਨੇਰਾ, ਰਹਿੰਦਾ ਸਾਰੇ ਰਾਹਾਂ ਅੰਦਰ।

ਹਾੜ੍ਹ, ਸਿਆਲ, ਪੱਤਝੜਾਂ ਮਗਰੋਂ, ਰੁੱਤ ਬਸੰਤੀ ਕੀਹਦੀ ਖ਼ਾਤਰ,
ਸਾਡੇ ਲਈ ਹਰ ਵਰਕਾ ਜ਼ਖ਼ਮੀ, ਸਾਰੇ ਬਾਰਾਂਮਾਹਾਂ ਅੰਦਰ।

ਟੱਲੀਆਂ ਦੀ ਟੁਣਕਾਰ ਗੁਆਚੀ, ਵਿਚ ਸਿਆੜਾਂ ਸੁਪਨੇ ਮੋਏ,
ਚਿੰਤਾ ਚਿਖ਼ਾ ਬਰਾਬਰ ਧੁਖਦੀ, ਆਉਂਦੇ ਜਾਂਦੇ ਸਾਹਾਂ ਅੰਦਰ।

ਮੱਛੀਆਂ ਖ਼ਾਤਰ ਜਾਲ ਵਿਛਾਉਂਦੇ, ਵਿਰਲੇ ਟਾਂਵੇਂ ਪਾਰ ਲੰਘਾਉਂਦੇ,
ਬਣੇ ਸਿਆਸਤਦਾਨਾਂ ਵਰਗੇ, ਬਹੁਤੇ ਲੋਕ ਮਲਾਹਾਂ ਅੰਦਰ।
.
ਬਿਰਖ ਬਰੂਟੇ ਮੁੱਕਦੇ ਜਾਂਦੇ , ਵੱਡੀ ਬੁੱਕਲ ਵਾਲੇ ਬਾਬੇ ,
ਜੋ ਭਰਦੇ ਸੀ ਜਗਤ-ਕਲਾਵਾ, ਇਨ੍ਹਾਂ ਦੋਹਾਂ ਬਾਹਾਂ ਅੰਦਰ।

ਇਸ ਮੌਸਮ ਵਿਚ ਰੂਹ ਦੇ ਰਿਸ਼ਤੇ, ਕਿਉਂ ਲੱਭਦੈ ਤੂੰ ਭੋਲੇ ਪੰਛੀ,
ਪਿਆਰ ਮੁਹੱਬਤ ਗਰਜ਼ਾਂ ਬੱਧੇ, ਭਰ ਗਈ ਖੋਟ ਨਿਗਾਹਾਂ ਅੰਦਰ।

ਅਪਣੇ ਘਰ ਤੇ ਚੌਗਿਰਦੇ ਨੂੰ ਜੇਕਰ ਰੌਸ਼ਨ ਕਰਨਾ ਚਾਹੇਂ,
ਮਮਟੀ ਬਾਲ ਚਿਰਾਗ, ਗੁਆ ਨਾ, ਬਹੁਤਾ ਵਕਤ ਸਲਾਹਾਂ ਅੰਦਰ।


ਮੋਰ ਪੰਖ /75