ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਅਗਨ ਬਾਣਾਂ ਧਰਤੀ ਵਿੰਨੀ, ਚੁੱਪ ਹੈ ਅਸਮਾਨ ਵੇਖ,
ਛਾਨਣੀ ਹੋਏ ਨੇ ਪੱਤੇ ਭਰ ਗਏ ਪੰਛੀ ਉਡਾਨ।

ਹੱਥ ਵਿਚ ਹਥਿਆਰ ਲੈ ਕੇ ਫਿਰ ਰਿਹੈਂ, ਤੂੰ ਸੁਣ ਜ਼ਰਾ,
ਅੱਤ ਮਗਰੋਂ ਅੰਤ ਹੁੰਦੈ, ਖ਼ਾਕ ਵਿਚ ਮਿਲਦੈ ਗੁਮਾਨ।

ਨੋਚਦੇ ਮਾਸੂਮ ਜਿੰਦਾਂ, ਹਰ ਚੁਰਸਤੇ ਚੌਂਕ ਵਿਚ,
ਬੋਲਦੇ ਨੇ ਇਹ ਹਮੇਸ਼ਾਂ, ਜ਼ੁਲਮ ਦੀ ਇੱਕੋ ਜ਼ਬਾਨ।

ਫੇਰਦਾ ਹੈਂ ਤੂੰ ਸੁਹਾਗਾ, ਅਕਲ ਦੇ ਹਰ ਲਫ਼ਜ਼ ਤੇ,
ਤੋੜ ਕੇ ਦੀਵੇ ਤੂੰ ਸਮਝੇ, ਕਿਉਂ ਭਲਾ ਏਸੇ ਨੂੰ ਸ਼ਾਨ?

ਤੂੰ ਭਲਾ ਕਿਹੜੇ ਭੁਲੇਖੇ, ਕੰਧਾਂ ਕੋਠੇ ਢਾਹ ਰਿਹੈਂ,
ਧਮਕ ਨਾ ਮਹਿਲਾਂ ’ਚ ਪੁੱਜੇ, ਘੂਕ ਸੁੱਤਾ ਹੁਕਮਰਾਨ।

ਫ਼ਸਲ ਵੇ ਚੋਂ ਤੇ ਖ਼ਰੀਦੇ, ਤੋਪ ਗੋਲੇ ਤੇ ਬੰਦੂਕ,
ਤੇਰੇ ਸਿਰ ਤੇ ਚੱਲਦੀ ਹੈ, ਕੁਫ਼ਰ ਦੀ ਸ਼ਾਹੀ ਦੁਕਾਨ।

ਮੌਤ ਨੇ ਤਾਂਡਵ ਬਥੇਰਾ ਏਸ ਥਾਂ ਹੁਣ ਕਰ ਲਿਐ ,
ਰੋਕ ਹੁਣ ਇਸ ਨੂੰ ਭਰਾਵਾ, ਜੇ ਹੈਂ ਸੱਚਾ ਮੁਸਲਮਾਨ।

ਏਸ ਥਾਂ ਤੇ ਬੀਜਦੇ ਸੀ ਜੋ ਕਦੇ ਸੁੱਚੇ ਗੁਲਾਬ,
ਲੋੜ ਹੈ ਲੱਭਣ ਦੀ ਸਾਰੇ, ਉਸ ਨਸਲ ਦੇ ਬਾਗਬਾਨ।

ਮੋਰ ਪੰਖ /74