ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੱਲ ਆਲਮ ਘੂਕ ਸੁੱਤਾ, ਜ਼ੁਲਮ ਹੁੰਦਾ ਵੇਖ ਕੇ ,
ਜ਼ੁਲਮ ਕਰਨਾ, ਸਹਿਣਾ ਕਰਨਾ, ਕੁਫ਼ਰ ਹੈ ਦੱਸੇ ਕੁਰਾਨ।

ਜੋ ਮਨੁੱਖੀ ਜਾਨ ਲਏ , ਹੈਵਾਨ ਸਮਝੋ ਓਸ ਨੂੰ ,
ਦੇਸ਼ ਭਗਤੋ, ਖ਼ੁਦ ਪ੍ਰਤੋ, ਕਰ ਦਿਓ ਫੌਰੀ ਐਲਾਨ।

ਤਰਕ ਬੁੱਧੀ ਨੂੰ ਸੰਭਾਲੋ, ਫਿਰ ਨਿਸ਼ਾਨਾ ਸੇਧਿਓ ,
ਤੀਰ ਤੰਦੀ ਚਾੜ ਰੱਖੋ , ਅਕਲ ਦੀ ਕੱਸ ਕੇ ਕਮਾਨ।

ਕਤਲਗਾਹ ਵਿਚ ਕਾਤਲਾਂ ਨੂੰ ਇਹ ਸੁਨੇਹਾ ਦੇ ਦਿਓ,
ਮਰਨ ਮਾਰਨ ਤੋਂ ਅਗਾਂਹ ਹੈ, ਜ਼ਿੰਦਗੀ ਕਬਰਾਂ ਸਮਾਨ।

ਇਹ ਭੁਲੇਖਾ ਦੂਰ ਕਰਨਾ ਵੀ ਤਾਂ ਸਾਡਾ ਧਰਮ ਹੈ,
ਜ਼ਿੰਦਗੀ ਨੂੰ ਮਸਲ ਸਕਦਾ ਨਾ ਕਦੇ ਕੋਈ ਸ਼ੈਤਾਨ।

ਤੂੰ ਖ਼ੁਦਾਈ ਰਹਿਮਤਾਂ ਨੂੰ, ਜ਼ਹਿਮਤਾਂ 'ਚੋਂ ਲੂੰਡ ਨਾਂਹ,
ਸਾਬਰਾਂ ਤੇ ਜਬਰ ਕਰਨਾ, ਹੈ ਭਲਾ ਕਿਹੜਾ ਈਮਾਨ।

ਏਸ ਧਰਤੀ ਨੂੰ ਸਿਖਾਓ, ਮਹਿਕਦੇ ਜੀਵਨ ਦਾ ਗੀਤ,
ਜ਼ਰਦ ਹੋਠਾਂ ਤੇ ਟਿਕਾਉ ਫੇਰ ਤੋਂ ਵੰਝਲੀ ਦੀ ਤਾਨ।

ਜੇ ਨਹੀਂ ਬੋਲੇ ਅਜੇ ਤਾਂ ਹੋਰ ਬੋਲੋਗੇ ਕਦੋਂ,
ਮਿਟ ਰਿਹਾ ਏ ਧਰਤ ਉੱਤੋਂ ਅਦਲ ਦਾ ਨਾਮੋ-ਨਿਸ਼ਾਨ।



ਮੋਰ ਪੰਖ /73