ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਸਵਾਤ ਘਾਟੀ ਦੀ ਉਸ ਗਾਇਕਾ ਦੇ ਨਾਂ
ਜਿਸ ਨੂੰ ਗਾਉਣ ਬਦਲੇ ਕਤਲ ਕੀਤਾ ਗਿਆ


ਮੌਤ ਹੱਥੋਂ ਹੋ ਰਿਹਾ ਏ ਜ਼ਿੰਦਗੀ ਦਾ ਇਮਤਿਹਾਨ।
ਹੋਰ ਕਿਸ ਨੂੰ ਆਖਦੇ ਨੇ ਨਰਕ, ਦੱਸੋ ਮਿਹਰਬਾਨ।

ਬੋਲਦਾ ਕੋਈ ਨਹੀਂ, ਨਾ ਚੀਖ਼ ਸੁਣਦੀ ਹੈ ਕਿਤੇ,
ਜੀਭ ਨੂੰ ਤੰਦੂਆ ਕਿਉਂ ਹੈ, ਕੁੱਲ ਆਲਮ ਬੇਜ਼ਬਾਨ।

ਧਰਮ ਤੇ ਇਖ਼ਲਾਕ ਦੋਵੇਂ ਅਰਥਹੀਣੇ ਹੋ ਗਏ,
ਅਰਥ ਮਨਮਰਜ਼ੀ ਦੇ ਕਰਕੇ, ਦੱਸਦੈ ਸਾਨੂੰ ਸ਼ੈਤਾਨ।

ਤਿਤਲੀਆਂ ਨੂੰ ਖੰਭ ਫੜਕਣ ਦੀ ਮਨਾਹੀ ਕਰ ਦਿਉ,
ਇਹ ਭਲਾ ਕਿਹੜੀ ਸ਼ਰੀਅਤ, ਇਹ ਭਲਾ ਕਿਹੜਾ ਵਿਧਾਨ।

ਨੂੜ ਕੇ ਬਾਹਾਂ ਤੇ ਲੱਤਾਂ, ਕੋੜਿਆਂ ਦੀ ਮਾਰ ਹੇਠ,
ਮੂਧੜੇ ਮੂੰਹ ਧਰਤ ਉੱਤੇ, ਸਹਿਕਦੀ ਮਾਸੂਮ ਜਾਨ।

ਕਿਹੜਿਆਂ ਮਦਰੱਸਿਆਂ ਤੋਂ ਨਾਗ ਪੜ੍ਹਕੇ ਆਏ ਨੇ,
ਡੰਗਦੇ ਧੀਆਂ ਤੇ ਭੈਣਾਂ, ਇਹ ਅਨੋਖੇ ਤਾਲਿਬਾਨ।

ਮੋਰ ਪੰਖ /72