ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਮਾਲੀ ਨੂੰ ਵਿਸ਼ਵਾਸ ਨਹੀਂ ਹੁਣ, ਬਾਗ਼ ਬਹਾਰਾਂ ਉੱਤੇ।
ਪਹਿਰੇਦਾਰ ਬਿਠਾ ਦਿੱਤੇ ਉਸ ਫੁੱਲਾਂ ਖਾਰਾਂ ਉੱਤੇ।

ਬਾਗ ਬਗੀਚਾ, ਜੰਗਲ ਬੂਟਾ, ਆਰੀ ਚੀਰੀ ਜਾਵੇ,
ਘੁੱਗੀਆਂ ਮੋਰ ਸੰਭਾਲੀਂ ਵਾਹ ਕੇ ਦਰ ਦੀਵਾਰਾਂ ਉੱਤੇ।

ਆਣਿਆਂ ਨੂੰ ਛੱਡ ਕੇ ਭੁੰਜਾਂ ਗਈਆਂ ਦੇਸ ਦਸੌਰੀਂ,
ਨਜ਼ਰ ਸਵੱਲੀ ਲੱਗਦੀ ਨਹੀਓਂ ਹੁਣ ਗੁਲਜ਼ਾਰਾਂ ਉੱਤੇ।

ਬੇੜੀ ਭੰਵਰ ਹਵਾਲੇ ਕਰਕੇ ਆਪ ਸਲਾਮਤ ਪਰਤੇ,
ਮਾਣ ਕਰੇਂ ਤੂੰ ਕਾਹਦਾ ਜਿੰਦੇ, ਆਪਣੇ ਯਾਰਾਂ ਉੱਤੇ।

ਅੱਧੀ ਰਾਤ ਗੁਜ਼ਾਰ ਲਈ ਏ, ਬਾਕੀ ਵੀ ਲੰਘ ਜਾਊ,
ਤੁਰਦੀ ਤੁਰਦੀ ਨਿੱਕੀ ਸੂਈ, ਪਹੁੰਚੀ ਬਾਰਾਂ ਉੱਤੇ।

ਇੱਕ ਇਕੱਲੇ ਕੋਲੋਂ ਖ਼ਤਰਾ, ਕਦ ਗਿਣਦੀ ਏ ਕੁਰਸੀ,
ਕਹਿਰ ਵਰਾਵੇ ਸਦਾ ਹਕੂਮਤ ਲੰਮੀਆਂ ਡਾਰਾਂ ਉੱਤੇ।

ਜਿੱਤਾਂ ਵਾਲੇ ਹਾਰ ਪੁਆ ਕੇ ਘਰੋਂ ਘਰੀ ਜਾ ਸੁੱਤੇ,
ਮੈਂ ਰਖਵਾਲੀ ਬੈਠ ਗਿਆ ਹਾਂ ਹੋਈਆਂ ਹਾਰਾਂ ਉੱਤੇ।

ਮੋਰ ਪੰਖ /77