ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਮੋਹ ਮੁਹੱਬਤ ਪਾਰਦਰਸ਼ੀ ਹੈ ਤਾਂ ਫਿਰ ਟੁੱਟੇ ਨਹੀਂ।
ਪਿੰਜਰੇ 'ਚੋਂ ਪਿਆਰ-ਕੈਦੀ ਵੇਖ ਲੈ ਛੁੱਟੇ ਨਹੀਂ।

ਤੂੰ ਜੋ ਮਾਰੇ ਤੀਰ ਸਾਰੇ ਅੱਜ ਤੱਕ ਮਹਿਫੂਜ਼ ਨੇ,
ਜੀਭ ਦੰਦਾਂ ਹੇਠ ਹੈ ਪਰ, ਹਿੱਕ ’ਚੋਂ ਪੁੱਟੇ ਨਹੀਂ।

ਰੁੱਖ ਜੋ ਹਰਿਆਵਲੇ ਨੂੰ ਚੱਟਦੀ ਹੈ ਅਮਰ ਵੇਲ,
ਉਸ ਦੀ ਬੁੱਕਲ ਬਹਿਣ ਵਾਲੇ, ਫੇਰ ਤੋਂ ਫੁੱਟੇ ਨਹੀਂ।

ਜਿਹੜੇ ਪਲ ਮਾਣੇ ਕਦੇ ਸੀ ਤੂੰ ਤੇ ਮੈਂ ਰਲ ਬੈਠ ਕੇ,
ਸਾਂਭ ਲਏ ਨੇ ਪੋਟਲੀ ਵਿਚ, ਵੇਖ ਲੈ, ਸੁੱਟੇ ਨਹੀਂ।

ਭਰਮ ਸੀ ਤੈਨੂੰ ਕਿ ਖੰਭਾਂ ਤੋਂ ਬਿਨਾ ਕੀਹ ਕਰਨਗੇ,
ਇਹ ਪਰਿੰਦੇ ਉੱਡਦੇ, ਹਾਰੇ ਨਹੀਂ, ਹਿੱਟੇ ਨਹੀਂ।

ਧਰਤ ਤੇ ਕਿਹੜਾ ਗਿਰਾਂ ਹੈ, ਲੱਭਦਾ ਮੈਂ ਖਪ ਗਿਆਂ,
ਲੋਕ ਜਿੱਥੇ ਹਾਕਮਾਂ, ਲੁੱਟੇ ਨਹੀਂ, ਕੁੱਟੇ ਨਹੀਂ।

ਬਦਲਦੀ ਪੌਸ਼ਾਕ ਕੁਰਸੀ, ਦੰਦ ਓਹੀ ਨੇ ਜਨਾਬ,
ਬਾਬਰਾਂ ਵੇਲੇ ਤੋਂ ਜਿਹੜੇ, ਅੱਜ ਤੱਕ ਟੁੱਟੇ ਨਹੀਂ।


ਮੋਰ ਪੰਖ /78