ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਕੱਚ ਦੇ ਟੋਟੇ ਕਦੇ ਨਾ ਗੱਡੀ, ਤੂੰ ਦੀਵਾਰਾਂ ਉੱਤੇ ਹੁਣ।
ਪੰਛੀਆਂ ਵੱਲੋਂ ਹਰਫ਼ ਨਾ ਆਵੇ, ਮੇਰੇ ਯਾਰਾਂ ਉੱਤੇ ਹੁਣ।

ਸਿਰ ਤੋਂ ਪੈਰਾਂ ਤੀਕ ਫੈਲਿਆ, ਅਪਣੇ ਮਨ ਦਾ ਨ੍ਹੇਰਾ ਹੀ,
ਪਤਾ ਨਹੀਂ ਕਿਉਂ ਦੀਵੇ ਧਰਦੇ ਲੋਕ ਮਜ਼ਾਰਾਂ ਉੱਤੇ ਹੁਣ।

ਧਰਤੀ ਮਾਂ ਦੀ ਧੂੜ ਪਰਸੀਏ, ਨੰਗੇ ਪੈਰੀਂ ਤੁਰੀਏ, ਆ,
ਭੁੱਲ ਨਾ ਜਾਵਣ ਜਾਚ ਤੁਰਨ ਦੀ, ਫਿਰਦਿਆਂ ਕਾਰਾਂ ਉੱਤੇ ਹੁਣ।

ਚੌਕ ਚੁਰਸਤੇ ਨਾਕਿਆਂ ਮੱਲੇ, ਕੁੱਲ ਜ਼ਬਾਨਾਂ ਠਾਕੀਆਂ ਨੇ,
ਉਂਗਲੀ ਕੌਣ ਉਠਾਏ ਤਖ਼ਤਾਂ ਤੇ ਦਰਬਾਰਾਂ ਉੱਤੇ ਹੁਣ।

ਉੱਤਰ ਦੱਖਣ ਪੂਰਬ, ਪੱਛਮ, ਕਿੱਧਰ ਨੂੰ ਦੱਸ ਜਾਵਾਂ ਮੈਂ,
ਚੌਵੀਂ ਘੰਟੇ ਪਹਿਰੇਦਾਰੀ, ਇਨ੍ਹਾਂ ਚਾਰਾਂ ਉੱਤੇ ਹੁਣ।

ਅੱਖ ਪਲਕਾਰੇ ਦੇ ਵਿਚ ਭੁੱਲਣ ਉਮਰੋਂ ਲੰਮੇ ਵਾਅਦੇ ਸਭ,
ਵਿਰਲੇ ਬੰਦੇ ਪਹਿਰਾ ਦਿੰਦੇ, ਕੌਲ ਕਰਾਰਾਂ ਉੱਤੇ ਹੁਣ।

ਘਰ ਦੀ ਰਾਖੀ ਖ਼ਾਤਰ ਖ਼ੁਦ ਵੀ ਆਪਣੀ ਨੀਂਦ ਤਿਆਗੀਂ ਤੂੰ,
ਮਗਰੋਂ ਰੋਸ ਕਰੀਂ ਨਾ ਐਵੇਂ, ਚੌਕੀਦਾਰਾਂ ਉੱਤੇ ਹੁਣ।

ਗਰਮੀ ਸਰਦੀ ਸਾਰੇ ਮੌਸਮ ਸਿਰ ਉੱਤੋਂ ਦੀ ਲੰਘੇ ਨੇ,
ਸਿੱਖ ਗਿਆਂ ਹਾਂ ਮੈਂ ਵੀ ਤੁਰਨਾ, ਨੰਗੀਆਂ ਤਾਰਾਂ ਉੱਤੇ ਹੁਣ।

ਮੋਰ ਪੰਖ /79