ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਅਪਣੇ ਹੀ ਘਰ ਗੁਆਚਿਆਂ ਇਹ ਵੀ ਕਮਾਲ ਹੈ।
ਮੁੱਦਤ ਤੋਂ ਮੈਨੂੰ ਆਪਣੇ ਆਪੇ ਦੀ ਭਾਲ਼ ਹੈ।

ਪੈਰਾਂ 'ਚ ਘੁੰਮਣਘੇਰ ਹੈ, ਮੱਥੇ 'ਚ ਖਲਬਲੀ,
ਅਜ਼ਲਾਂ ਤੋਂ ਭਟਕਣ ਤੁਰ ਰਹੀ, ਸਾਹਾਂ ਦੇ ਨਾਲ਼ ਹੈ।

ਪਾਣੀ 'ਚ ਤਰਦੀ ਮਛਲੀਏ ਹੁਣ ਸਾਵਧਾਨ ਹੋ,
ਮਾਛੀ ਵਿਛਾਇਆ ਤੇਰੇ ਲਈ, ਹਰ ਥਾਂ ਤੇ ਜਾਲ਼ ਹੈ।

ਤੂੰ ਦਾਣਿਆਂ ਨੂੰ ਚੋਗ ਨਾ ਸਮਝੀ ਪਰਿੰਦਿਆ,
ਤੇਰੇ ਸ਼ਿਕਾਰ ਵਾਸਤੇ, ਦੁਸ਼ਮਣ ਦੀ ਚਾਲ ਹੈ।

ਤੁਰਦਾ ਤਾਂ ਅੱਗੇ ਆ ਖੜ੍ਹੇ ਦੀਵਾਰ ਦਰ ਦੀਵਾਰ,
ਬਾਕੀ ਤੂੰ ਆਪ ਸੋਚ ਲੈ, ਕਿੱਦਾਂ ਦਾ ਹਾਲ ਹੈ।

ਬਿੰਦੂ ਦੁਆਲੇ ਤੁਰ ਰਿਹਾਂ, ਮੁੱਕਣ ਨਾ ਫ਼ਾਸਲੇ,
ਕਿੱਦਾਂ ਦਾ ਗੀਤ ਗਾ ਰਿਹਾਂ ਨਾ ਸੁਰ ਨਾ ਤਾਲ ਹੈ।

ਤੇਰੀ ਅਵਾਜ਼ ਸੁਣਦਿਆਂ ਮੈਨੂੰ ਹੈ ਜਾਪਦਾ,
ਕੱਲ੍ਹਾ ਨਹੀਂ ਹਾਂ, ਮਹਿਕ ਮੇਰੇ ਨਾਲ ਨਾਲ ਹੈ।

ਮੋਰ ਪੰਖ /80