ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਦਿਲ ਦੇ ਬੂਹੇ ਖੋਲ੍ਹ ਕੇ ਮੇਰੀ ਤਪਦੀ ਰੂਹ ਨੂੰ ਠਾਰਦਾ।
ਅੱਧੀ ਰਾਤੀਂ ਸੁਪਨੇ ਦੇ ਵਿਚ ਕਿਹੜਾ 'ਵਾਜਾਂ ਮਾਰਦਾ।

ਸੁੱਤ ਉਨੀਂਦੀ ਭੀੜ ਦੇ ਅੰਦਰ ਇੱਕੋ ਚਿਹਰਾ ਜਾਗ ਰਿਹਾ,
ਸਿਰ ਤੇ ਚਿੱਟੀ ਚੁੰਨੀ ਭਾਵੇਂ, ਫਿਰ ਵੀ ਨਹੀਓਂ ਹਾਰਦਾ।

ਤੈਨੂੰ ਵੇਖਣ ਸਾਰ ਮੇਰੇ ਚਿਹਰੇ ਤੇ ਰੌਣਕ ਆ ਜਾਵੇ,
ਟਾਹਣੀ ਹਰੀ ਕਚੂਰ ਦੇ ਉੱਤੇ, ਚਿਹਰਾ ਜਿਉਂ ਗੁਲਨਾਰ ਦਾ।

ਵਿੱਛੜਨ ਵੇਲੇ ਤੂੰ ਤਾਂ ਮੈਥੋਂ ਵਾਪਸ ਸਭ ਕੁਝ ਲੈ ਗਈ ਸੀ,
ਕਿੱਦਾਂ ਚੇਤੇ ਰੱਖਦਾ ਜੇ ਨਾ, ਰੂਹ ਵਿਚ ਨਕਸ਼ ਉਤਾਰਦਾ।

ਚਿੜੀਆਂ ਵਾਲੀ ਮੌਤ ਗੰਵਾਰਾਂ ਖ਼ਾਤਰ ਜੀਕੂੰ ਹਾਸਾ ਹੈ,
ਜ਼ਿੰਦਗੀ ਨਾਲ ਮਜ਼ਾਕਾਂ ਕਰਦਾ, ਹਰ ਵਰਕਾ ਅਖ਼ਬਾਰ ਦਾ।

ਮਾਰੂਥਲ ਵਿਚ ਰਾਤ ਪਈ ਜਦ, ਚਾਰ ਚੁਫੇਰ ਹਨ੍ਹੇਰਾ ਸੀ,
ਲਿਸ਼ਕਣਹਾਰ ਬਰੇਤੀ ਉੱਤੇ ਕਿੱਦਾਂ ਕਿਸ਼ਤੀ ਤਾਰਦਾ।

ਮੈਂ ਵੀ ਏਸ ਗਲੀ ਦੇ ਵਿਚੋਂ, ਚੁੱਪ ਕੀਤੇ ਲੰਘ ਜਾਣਾ ਸੀ,
ਵਕਤ ਗੁਆਚਾ ਜੇ ਨਾ ਮੈਨੂੰ ਪਿੱਛੋਂ 'ਵਾਜ਼ਾਂ ਮਾਰਦਾ।

ਮੋਰ ਪੰਖ /81