ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਜ਼ਲ

ਕਿੰਨੇ ਚੋਰ ਲੁਕਾਏ ਨੇ ਮੈਂ, ਮਨ ਮੰਦਰ ਦੀ ਬਾਰੀ ਅੰਦਰ।
ਚੋਰ-ਸਿਪਾਹੀ ਲੁਕਣ ਮਚਾਈ, ਖੇਡਣ ਚਾਰ ਦੀਵਾਰੀ ਅੰਦਰ।

ਦੋਧੇ ਵਸਤਰ ਉਜਲੇ ਚਿਹਰੇ, ਖੇਡ ਰਹੇ ਜੂਏ ਦੀ ਬਾਜ਼ੀ,
ਲੋਕ ਰਾਜ ਦੇ ਪਰਦੇ ਉਹਲੇ, ਭਾਰੀ ਪਹਿਰੇਦਾਰੀ ਅੰਦਰ।

ਆਰ ਪਾਰ ਸਤਰੰਗੀਆਂ ਰੀਝਾਂ, ਸੂਹਾ ਸਾਲੂ, ਰੇਸ਼ਮ ਡੋਰਾਂ,
ਵੇਖੋ ਕਿੰਨੇ ਸੁਪਨੇ ਬੁਣਦੀ, ਨਾਨੀ ਮਾਂ ਫੁਲਕਾਰੀ ਅੰਦਰ।

ਮਨ ਦੀ ਅੱਥਰੀ ਰੀਝ ਮਿਰਗਣੀ, ਤੇਰੇ ਦਮ ਤੇ ਚੁੰਗੀਆਂ ਭਰਦੀ,
ਪੌਣਾਂ ਤੇ ਅਸਵਾਰ, ਸਮੁੰਦਰ ਤਰਦੀ ਇੱਕੋ ਤਾਰੀ ਅੰਦਰ।

ਮੇਰੀ ਹਿੱਕੜੀ ਫਸਿਆ ਹਾਉਕਾ, ਨਾ ਬਾਹਰ ਨਾ ਅੰਦਰ ਜਾਵੇ,
ਕਰਕ ਕਲੇਜੇ ਕੌਣ ਪਛਾਣੇ, ਤੁਧ ਬਿਨ ਦੁਨੀਆਂ ਸਾਰੀ ਅੰਦਰ।

ਇਹ ਤਾਂ ਟਾਹਣੀ ਕੇਰੇ ਅੱਥਰੂ, ਤਰੇਲ ਦੇ ਤੁਪਕੇ ਨਾ ਤੂੰ ਸਮਝੀਂ,
ਮੋਤੀ ਬਣ ਕੇ ਡਲ੍ਹਕ ਰਹੇ ਜੋ, ਫੁੱਲਾਂ ਵਾਲੀ ਖਾਰੀ ਅੰਦਰ।

ਇਕ ਰੁਕਮਣੀ, ਦੂਜੀ ਰਾਧਾ, ਗੋਪੀਆਂ ਜੀਕੂੰ ਹਾਰ ਹਮੇਲਾਂ,
ਛਣਕਣ, ਲੱਭਣ ਅਪਣਾ ਚਿਹਰਾ, ਇੱਕੋ ਕ੍ਰਿਸ਼ਨ ਮੁਰਾਰੀ ਅੰਦਰ।

ਮੋਰ ਪੰਖ /83