ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗਜ਼ਲ

ਜ਼ਹਿਰ ਪਰੁੱਚੀ ਪੌਣ ਦਾ ਪਹਿਰਾ, ਹੋਇਆ ਦੁਨੀਆ ਸਾਰੀ ਦੇ ਵਿਚ।
ਦਾਨਿਸ਼ਵਰ ਜੋ ਉੱਤੋਂ ਦਿਸਦੇ, ਰੁੱਝੇ ਮਾਰੋ ਮਾਰੀ ਦੇ ਵਿਚ।

ਜੋ ਤੂੰ ਮੈਥੋਂ ਸੁਣਨਾ ਚਾਹੇਂ, ਓਹੀ ਬਾਤ ਸੁਣਾਵਾਂਗਾ ਮੈਂ,
ਦਿਲ ਦੀ ਕੌਣ ਸੁਣਾਵੇ ਏਥੇ, ਅੱਜ ਕੱਲ੍ਹ ਦੁਨੀਆਦਾਰੀ ਦੇ ਵਿਚ।

ਲੋਕਾਂ ਵਿਹੜੇ ਸੁਰਖ਼ ਗੁਲਾਬੀ, ਮਹਿਕਦੀਆਂ ਖ਼ੁਸ਼ਬੋਈਆਂ, ਪੱਤੀਆਂ,
ਫੁੱਲਾਂ ਦੇ ਰੰਗ ਕਾਲੇ ਕਿਉਂ ਨੇ, ਮਨ ਦੀ ਭਰੀ ਕਿਆਰੀ ਦੇ ਵਿਚ।

ਸਾਵਧਾਨ ਹੋ ਰਹਿਣਾ ਪੈਂਦੇ, ਹਾਂ, ਹਾਂ, ਜੀ, ਜੀ, ਕਹਿਣਾ ਪੈਂਦੇ,
ਦਖ਼ਲ ਬਾਜ਼ਾਰੀ ਵਧਦਾ ਜਾਵੇ, ਕਿਉਂ ਮਿੱਤਰਾਂ ਦੀ ਯਾਰੀ ਦੇ ਵਿਚ।

ਆਤਮ ਨਾਲ ਗਿਲਾਨੀ ਕਰਦੇ, ਰਹਿੰਦੇ ਠੰਢੇ ਹਾਉਕੇ ਭਰਦੇ,
ਬਹੁਤੇ ਲੋਕੀਂ ਫਸੇ ਪਏ ਨੇ, ਅੱਜ ਕੱਲ੍ਹ ਏਸ ਬੀਮਾਰੀ ਦੇ ਵਿਚ।

ਵਾਂਗ ਸਿਆਸਤਦਾਨਾਂ ਦੇ ਹੁਣ, ਧਰਮੀਆਂ ਦੇ ਵੀ ਸੌ ਸੌ ਚਿਹਰੇ,
ਹਰ ਇਕ ਹਰਕਤ ਸ਼ੱਕੀ ਹੋਈ, ਮੰਡੀ ਚੋਰ ਬਾਜ਼ਾਰੀ ਦੇ ਵਿਚ।

ਅਣਖੋਂ ਹੀਣੇ ਬਣੇ ਸਵੱਲੇ, ਛੱਡਿਆ ਕੱਖ ਨਾ ਸਾਡੇ ਪੱਲੇ,
ਹਿੰਮਤ ਹਾਰ, ਗੰਡੋਏ ਬਣ ਗਏ, ਰੀਂਘ ਰਹੇ ਲਾਚਾਰੀ ਅੰਦਰ।

ਉੱਡਣੇ ਪੰਛੀ ਪਿੰਜਰੇ ਪਾਉਂਦੇ, ਮਨ ਮਰਜ਼ੀ ਦਾ ਗੀਤ ਸੁਣਾਉਂਦੇ,
ਛਣਕਣਿਆਂ ਜਹੇ ਬੰਦੇ ਸ਼ਾਮਲ, ਰਾਗ ਨਵੇਂ ਦਰਬਾਰੀ ਅੰਦਰ।

ਮੋਰ ਪੰਖ /84