ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਜ਼ਲ

ਜਿਵੇਂ ਹਥਿਆਰ ਪਾਗਲ ਹੋ ਰਹੇ ਨੇ।
ਸਮੁੱਚੇ ਦੇਸ਼ ਮਕਤਲ ਹੋ ਰਹੇ ਨੇ।

ਗੁਆਚੀ ਪੈੜ ਮੇਰੀ ਘਰ ਦੇ ਅੰਦਰ,
ਭਲਾ ਕਿਉਂ ਸ਼ਹਿਰ ਜੰਗਲ ਹੋ ਰਹੇ ਨੇ।

ਤੂੰ ਮੈਨੂੰ ਰੋਣ ਦੇਹ ਇੱਕ ਵਾਰ ਖੁੱਲ੍ਹ ਕੇ,
ਇਹ ਹੰਝੂ ਬਹੁਤ ਬਿਹਬਲ ਹੋ ਰਹੇ ਨੇ।

ਗੁਆਚੇ ਪੁਰਖਿਆਂ ਨੂੰ ਢੂੰਡਦਾ ਹਾਂ,
ਬਰੋਟੇ ਅੱਖੋਂ ਓਝਲ ਹੋ ਰਹੇ ਨੇ।

ਜਿੰਨ੍ਹਾਂ ਨੇ ਸਿਖਰ ਉੱਤੇ ਪਹੁੰਚਣਾ ਸੀ,
ਭਲਾ ਕਿਉਂ ਪੈਰ ਬੋਝਲ ਹੋ ਰਹੇ ਨੇ।

ਦਿਲਾਂ ਨੂੰ ਅਕਲ ਸਿੱਧੇ ਰਾਹ ਨਾ ਪਾਏ,
ਇਹ ਖ਼ੁਦ ਦੇ ਨਾਲ ਵਲ ਛਲ ਹੋ ਰਹੇ ਨੇ।

ਮੇਰਾ ਧੰਨਵਾਦ ਕੀਹ ਕਰਨੈਂ ਕਿਸੇ ਨੇ,
ਅਜੇ ਸ਼ਿਕਵੇ ਮੁਸਲਸਲ ਹੋ ਰਹੇ ਨੇ।

ਮੋਰ ਪੰਖ /85