ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗਜ਼ਲ


ਰਾਤ ਬਰਾਤੇ ਅਚਨਚੇਤ ਮੈਂ ਅੰਬਰੋਂ ਟੁੱਟਿਆ ਤਾਰਾ ਹਾਂ।
ਨਕਸ਼ ਪਛਾਣ ਧਰਤੀਏ ਮੇਰੇ, ਦੱਸ ਮੈਂ ਕੀਹਦੇ ਵਰਗਾ ਹਾਂ।

ਏਸ ਮੁਸਾਫ਼ਰਖਾਨੇ ਅੰਦਰ ਵੰਨ-ਸੁਵੰਨ ਮੁਸਾਫ਼ਰ ਨੇ,
ਰੌਲੇ ਰੱਪੇ ਅੰਦਰ ਘਿਰਿਆ, ਮੈਂ ਤਾਂ ਕੱਲ-ਮੁ-ਕੱਲ੍ਹਾ ਹਾਂ।

ਚੁੱਪ ਚੁਪੀਤੇ ਜਿਵੇਂ ਖਲੋਤੇ ਸੜਕਾਂ ਕੰਢੇ ਕੋਸ ਮੀਨਾਰ,
ਵਕਤ ਗੁਆਚੇ ਹੱਥੋਂ ਬਚਿਆ, ਸਦੀਆਂ ਲੰਮਾ ਕਿੱਸਾ ਹਾਂ।

ਸੋਚ ਵਿਚਾਰਾਂ ਨੂੰ ਜੇ ਲਕਬਾ ਮਾਰ ਗਿਐ ਤਾਂ ਦਿਲ ਨਾ ਹਾਰ,
ਤੈਨੂੰ ਆਪੇ ਤੁਰਨਾ ਪੈਣੈਂ, ਮੈਂ ਤਾਂ ਕੇਵਲ ਜੇਰਾ ਹਾਂ।

ਮੇਰੇ ਸਾਹਵੇਂ ਬਹਿ ਕੇ ਮਨ ਦੇ ਚਿਹਰੇ ਨੂੰ ਤੂੰ ਆਪੇ ਵੇਖ,
ਸਭ ਕੁਝ ਸਾਫ਼ ਵਿਖਾਵਾਂ ਅੰਦਰੋਂ, ਮੈਂ ਤਾਂ ਬਿਲਕੁਲ ਸ਼ੀਸ਼ਾ ਹਾਂ।

ਜਿਸ ਦੀ ਤੋਰ ਤੂਫ਼ਾਨਾਂ ਬੱਧੀ, ਗ਼ਰਜ਼ਾਂ ਖ਼ਾਤਰ ਨੌਕਰੀਆਂ,
ਤੋਰ ਮਟਕਣੀ ਭੁੱਲਿਆ ਜਿਹੜਾ, ਮੈਂ ਉਹ ਬੁੱਢਾ ਦਰਿਆ ਹਾਂ।

ਮੇਰੇ ਅੰਦਰ ਤਲਖ ਸਮੁੰਦਰ, ਹਰ ਪਲ ਬੇਬਸ ਤੜਫ਼ ਰਿਹਾ,
ਮਰਿਆ ਜਾਣ ਲਇਓ ਨਾ ਮੈਨੂੰ, ਚੁੱਪ ਕੀਤਾ ਜੇ ਬੈਠਾ ਹਾਂ।

ਮੋਰ ਪੰਖ /86