ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਜ਼ਲ

ਦਿਸਦਾ ਨਹੀਂ ਪਰ ਮਹਿਕ ਵਾਂਗੂੰ ਨਾਲ ਨਾਲ ਹੈ।
ਮੈਨੂੰ ਵੀ ਓਸ ਸਖ਼ਸ਼ ਦੀ, ਸਦੀਆਂ ਤੋਂ ਭਾਲ ਹੈ।

ਜਿੱਤਾਂ ਤਾਂ ਇਹ ਹੈ ਜਿੱਤਦਾ, ਹਾਰਾਂ ਤਾਂ ਹਾਰਦਾ,
ਮੇਰਾ ਹਮੇਸ਼ਾਂ ਸਾਹਮਣਾ, ਸ਼ੀਸ਼ੇ ਦੇ ਨਾਲ ਹੈ।

ਪੈਰਾਂ ’ਚ ਬੱਝੀਆਂ ਬਿੱਲੀਆਂ ਤੇ ਰੂਹ ’ਚ ਭਟਕਣਾ,
ਮੇਰੇ ਚੁਫ਼ੇਰ ਫੈਲਿਆ ਕੀਹ ਮਾਇਆ ਜਾਲ ਹੈ।

ਅੱਗੇ ਨੂੰ ਜਦ ਵੀ ਦੌੜਦਾਂ, ਪਿੱਛੇ ਨੂੰ ਬਿਰਖ ਜਾਣ,
ਮੇਰੇ ਬਰਾਬਰ ਤੁਰ ਸਕੇ, ਕਿਸ ਦੀ ਮਜ਼ਾਲ ਹੈ।

ਅਪਣੇ ਵੀ ਮੈਨੂੰ ਦੇ ਰਹੇ, ਦੂਰੋਂ ਹੀ ਦਿਲਬਰੀ,
ਪੁੱਛਣ ਨਾ ਨੇੜ ਆਣ ਕੇ, ਕੀਹ ਹਾਲ ਚਾਲ ਹੈ।

ਰਿਸ਼ਤੇ ਪਿਆਰ ਖੋਟ ਦੇ ਹਮਨਾਮ ਬਣ ਗਏ,
ਪਿੱਤਲ ਦੇ ਜ਼ੇਵਰਾਂ ਤੇ ਜਿਓਂ ਸੋਨੇ ਦੀ ਝਾਲ ਹੈ।

ਸੁੰਘਾਂ ਤਾਂ ਮਹਿਕ ਵਾਂਗਰਾਂ, ਵੇਖਾਂ ਤਾਂ ਚਾਂਦਨੀ,
ਛੋਹਾਂ ਤਾਂ ਰੰਗ ਬੋਲਦੇ, ਇਹ ਵੀ ਕਮਾਲ ਹੈ।

ਮੋਰ ਪੰਖ /87