ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਤਪਦੇ ਥਲ ਦੇ ਉੱਪਰੋਂ ਰੁੱਤਾਂ ਜਾਂਦੀਆਂ ਆਉਂਦੀਆਂ ਰਹਿੰਦੀਆਂ ਨੇ।
ਪੌਣਾਂ ਤੇ ਅਸਵਾਰ ਬਦਲੀਆਂ ਕਿਉਂ ਤਰਸਾਉਂਦੀਆਂ ਰਹਿੰਦੀਆਂ ਨੇ।

ਜਿਵੇਂ ਸ਼ਰੀਂਹ ਦੀਆਂ ਫ਼ਲੀਆਂ ਪੱਤਝੜ ਮਗਰੋਂ ਸੁੱਕੀਆਂ ਛਣਕਦੀਆਂ,
ਜੀਅ ਪਰਚਾਵੇ ਖ਼ਾਤਰ ਰੁੱਖ ਨੂੰ ਗੀਤ ਸੁਣਾਉਂਦੀਆਂ ਰਹਿੰਦੀਆਂ ਨੇ।

ਸ਼ਾਹੀ ਕਿਲ੍ਹਿਆਂ ਅੰਦਰ ਜਿਸ ਥਾਂ ਹਾਕਮ ਜ਼ੁਲਮ ਕਮਾਉਂਦੇ ਸੀ,
ਸਦੀਆਂ ਮਗਰੋਂ ਵੀ ਉਸ ਥਾਂ ਤੋਂ, ਕੂਕਾਂ ਆਉਂਦੀਆਂ ਰਹਿੰਦੀਆਂ ਨੇ।

ਧਰਤੀ ਜਿੱਡੀ ਕੈਨਵਸ ਉੱਤੇ ਨਕਸ਼ ਬਹਾਰਾਂ ਵਾਲੇ ਵੇਖ,
ਫੁੱਲ ਪੱਤੀਆਂ ਖ਼ੁਸ਼ਬੋਈਆਂ ਜਿਥੇ ਪੈਲਾਂ ਪਾਉਂਦੀਆਂ ਰਹਿੰਦੀਆਂ ਨੇ।

ਚੁੱਪ ਦੀ ਜੂਨ ਪਵੀਂ ਨਾ ਵੇਖੀ, ਤੁਸੀਂ ਨਿਰੰਤਰ ਸਫ਼ਰਾਂ ਤੇ,
ਬਿਰਖਾਂ ਵਿਚ ਦੀ ਤੇਜ਼ ਹਵਾਵਾਂ ਅਕਸਰ ਗਾਉਂਦੀਆਂ ਰਹਿੰਦੀਆਂ ਨੇ।

ਪਿੰਜਣ ਨੂੰ ਤੇ ਕੱਤਣ ਛੱਲੀਆਂ, ਬੁਣਦੀਆਂ ਖੱਡੀ ਰਾਤ ਦਿਨੇ,
ਪੁੱਤਰ ਦੂਰ ਗਏ ਪਰ ਮਾਵਾਂ, ਖੇਸ ਉਣਾਉਂਦੀਆਂ ਰਹਿੰਦੀਆਂ ਨੇ।

ਕੰਡਿਆਂ ਦੇ ਵਿਚ ਅੜ ਕੇ ਜਿੱਥੇ ਪਾਣੀ ਨੂੰ ਹੀ ਸ਼ਗਨਾਂ ਦੀ,
ਓਸੇ ਥਾਂ ਤੋਂ ਪੀੜਾਂ ਤੁਰ ਕੇ, ਹੁਣ ਵੀ ਆਉਂਦੀਆਂ ਰਹਿੰਦੀਆਂ ਨੇ।

ਮੋਰ ਪੰਖ /88